ਰੱ
ਚੰਡੀਗੜ੍ਹ/ਸਮਾਣਾ/ਪਟਿਆਲਾ
(ਗੁਰਜੀਤ ਬਿੱਲਾ/ਇਕਬਾਲ ਸਿੰਘ ਬੱਲ/ਰਾਜਿੰਦਰ ਸਿੰਘ ਥਿੰਦ)
ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਨੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਹਲਕਾ ਸਮਾਣਾ ਤੇ ਬਲਬੀਰ ਸਿੰਘ ਨੂੰ ਹਲਕਾ ਸ਼ਾਹਕੋਟ ਲਈ ਇੰਚਾਰਜ ਨਿਯੁਕਤ ਕੀਤਾ ਹੈ। ਸਾਬਕਾ ਮੰਤਰੀ ਚੇਤਨ ਸਿੰਘ ਜੌੜਮਾਜਰਾ ਸਮਾਣਾ ਹਲਕੇ ਤੋਂ ਆਪ ਦੇ ਵਿਧਾਇਕ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਰੱਖੜਾ ‘ਆਪ’ ਵਿੱਚ ਸ਼ਾਮਲ ਹੋਏ ਸਨ। ਰੱਖੜਾ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ ਮਾਲ ਅਤੇ ਮੁੜਵਸੇਬਾ ਮੰਤਰੀ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਹ ਅਗਸਤ 2022 ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਰਹੇ, ਪਰ ਬਾਅਦ ਵਿੱਚ ਸੁਖਬੀਰ ਸਿੰਘ ਬਾਦਲ ਨਾਲ ਮੱਤਭੇਦਾਂ ਕਾਰਨ ਪਾਰਟੀ ਤੋਂ ਦੂਰ ਹੋ ਗਏ ਸਨ। ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ ਅਤੇ ਉਨ੍ਹਾ ਦੇ ਛੋਟੇ ਭਰਾ ਚਰਨਜੀਤ ਸਿੰਘ ਰੱਖੜਾ ਨੇ ਸਮਾਣਾ ਵਿਖੇ ਆਪਣੇ ਮੁੱਖ ਦਫਤਰ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ। ਇਸ ਸ਼ੁਭ ਮੌਕੇ ‘ਤੇ ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਕਪੂਰ ਚੰਦ ਬਾਂਸਲ, ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ ਸਮੇਤ ਕਰੀਬ ਸਾਰੇ ਕੌਂਸਲਰ ਅਤੇ ਪਾਰਟੀ ਦੇ ਸੈਂਕੜੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ। ਵਰਕਰਾਂ ਵੱਲੋਂ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸਾਰਾ ਮਾਹੌਲ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ।ਇਸ ਮੌਕੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਰੱਖੜਾ ਨੇ ਕਿਹਾ ਕਿ ਸੁਰਜੀਤ ਸਿੰਘ ਰੱਖੜਾ ਦੇ ਤਜਰਬੇ ਅਤੇ ਦੂਰਅੰਦੇਸ਼ੀ ਸੋਚ ਸਦਕਾ ਸਮਾਣਾ ਹਲਕੇ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਸਮਾਣੇ ਦੇ ਵਿਕਾਸ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਇਸ ਦਫਤਰ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਕਪੂਰ ਚੰਦ ਬਾਂਸਲ ਅਤੇ ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ ਨੂੰ ਸੌਂਪੀ ਗਈ ਹੈ, ਤਾਂ ਜੋ ਹਰ ਆਮ ਵਿਅਕਤੀ ਦੀ ਪਹੁੰਚ ਇਸ ਦਫਤਰ ਤੱਕ ਸੌਖੀ ਹੋ ਸਕੇ।ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਕਿਹਾ ਕਿ ਸੁਰਜੀਤ ਸਿੰਘ ਰੱਖੜਾ ਉਹ ਸ਼ਖ਼ਸੀਅਤ ਹਨ, ਜਿਨ੍ਹਾ ਹਮੇਸ਼ਾ ਸਮਾਣਾ ਨੂੰ ਆਪਣੇ ਦਿਲ ਵਿੱਚ ਰੱਖਿਆ ਹੈ। ਉਨ੍ਹਾ ਦੀ ਪਿਛਲੀ ਅਗਵਾਈ ਹੇਠ ਸਮਾਣਾ ਸ਼ਹਿਰ ਦੀਆਂ ਕਰੀਬ ਸਾਰੀਆਂ ਮੁੱਖ ਸੜਕਾਂ ਨੂੰ ਪੱਕਾ ਕੀਤਾ ਗਿਆ, ਸੀਵਰੇਜ ਅਤੇ ਸਟਰੀਟ ਲਾਈਟਾਂ ਵਰਗੇ ਵੱਡੇ ਕੰਮ ਨੇਪਰੇ ਚਾੜ੍ਹੇ ਗਏ। ਉਨ੍ਹਾ ਦੱਸਿਆ ਕਿ ਹੁਣ ਵੀ ਬਾਕੀ ਰਹਿੰਦੇ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਮਾਣਾ ਨੂੰ ਪੰਜਾਬ ਦਾ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ।ਸੰਗਠਨ ਪ੍ਰਧਾਨ ਗੁਲਜਾਰ ਸਿੰਘ ਵਿਰਕ ਅਤੇ ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ ਨੇ ਸੁਰਜੀਤ ਸਿੰਘ ਰੱਖੜਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕ ਨੇਕ ਦਿਲ, ਸਾਫ਼-ਸੁਥਰੀ ਛਵੀ ਵਾਲੇ ਅਤੇ ਇਮਾਨਦਾਰ ਸਿਆਸਤਦਾਨ ਹਨ। ਉਨ੍ਹਾ ਦੀ ਰਹਿਨੁਮਾਈ ਹੇਠ ਨਾ ਸਿਰਫ਼ ਸਮਾਣਾ ਸ਼ਹਿਰ, ਸਗੋਂ ਪੂਰੇ ਸਮਾਣਾ ਹਲਕੇ ਦੇ ਪਿੰਡਾਂ ਦਾ ਵੀ ਚਹੁੰ-ਮੁਖੀ ਵਿਕਾਸ ਹੋਵੇਗਾ। ਇਸ ਮੌਕੇ ਕੌਂਸਲਰ ਅਸ਼ੋਕ ਮੋਦਗਿੱਲ, ਜਤਿੰਦਰ ਢੀਂਗੜਾ, ਬੱਗਾ ਵਰਮਾ, ਗੁਰਦੀਪ ਸ਼ਰਮਾ, ਗੁਰਦਿਆਲ ਸਿੰਘ ਰੰਧਾਵਾ, ਰਾਜ ਕੌਰ ਬਾਹਲਾ, ਪਵਨ ਕੁਮਾਰ ਪੰਨੀ, ਸੁਰਜੀਤ ਰਾਮ ਪੱਪੀ, ਲਾਡੀ ਸਰਪੰਚ ਵੜੈਚਾਂ ਪੱਤੀ, ਸੰਦੀਪ ਸਿੰਘ ਸਰਪੰਚ ਕਾਕੜਾ, ਬਲਜੀਤ ਸਿੰਘ ਹਰਿੰਦਰ ਸਿੰਘ ਕਲਬੁਰਛਾਂ ਤੋਂ ਇਲਾਵਾ ਸੈਂਕੜੇ ਵਰਕਰ ਹਾਜ਼ਰ ਸਨ।





