ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਭਾਜਪਾ ਦੇ ਕਈ ਹੋਰ ਵੱਡੇ ਨੇਤਾਵਾਂ ਵੱਲੋਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੀ ਮੁਸਲਿਮ ਲੀਗ ਦੇ ਚੋਣ ਮਨੋਰਥ ਪੱਤਰ ਨਾਲ ਤੁਲਨਾ ਕਰਨ ਖਿਲਾਫ ਕਾਂਗਰਸ ਵੀ ਭਾਜਪਾ ’ਤੇ ਹਮਲਾਵਰ ਹੋ ਗਈ ਹੈ। ਪਾਰਟੀ ਨੇ ਭਾਜਪਾ ਆਗੂਆਂ ਦੇ ਬਿਆਨਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਹੈ। ਕਾਂਗਰਸ ਨੇਤਾ ਪਵਨ ਖੇੜਾ ਨੇ ਕਿਹਾ ਕਿ ਉਨ੍ਹਾ ਮੋਦੀ ਦੇ ਬਿਆਨ ਤੋਂ ਲੈ ਕੇ ਕਈ ਮੁੱਦਿਆਂ ’ਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਖੇੜਾ ਨੇ ਕਿਹਾ ਕਿ ਮੋਦੀ ਦੇ ਬਿਆਨ ਦੇ ਨਾਲ ਹੀ ਕਾਂਗਰਸ ਨੇ ਪ੍ਰਧਾਨ ਮੰਤਰੀ ਦੇ ਯੂਨੀਵਰਸਿਟੀਆਂ ’ਚ ਲਗਾਏ ਹੋਰਡਿੰਗਜ਼ ਦੀ ਵੀ ਸ਼ਿਕਾਇਤ ਕੀਤੀ ਹੈ। ਉਨ੍ਹਾ ਕਿਹਾ ਕਿ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ, ਜੋ ਕਿ ਤਿਰੁਅਨੰਤਪੁਰਮ ਤੋਂ ਉਮੀਦਵਾਰ ਹਨ, ਦੇ ਹਲਫਨਾਮੇ ’ਚ ਕਈ ਗਲਤੀਆਂ ਸਨ ਤੇ ਉਸ ਸੰਬੰਧੀ ਵੀ ਸ਼ਿਕਾਇਤ ਕੀਤੀ ਗਈ ਹੈ। ਸੀਨੀਅਰ ਵਕੀਲ ਅਤੇ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਨੇ ਕਿਹਾਪ੍ਰਧਾਨ ਮੰਤਰੀ ਨੇ ਕਾਂਗਰਸ ਚੋਣ ਮਨੋਰਥ ਪੱਤਰ ਦੀ ਤੁਲਨਾ ਆਜ਼ਾਦੀ ਤੋਂ ਪਹਿਲਾਂ ਮੁਸਲਿਮ ਲੀਗ ਦੇ ਵਿਚਾਰਾਂ ਨਾਲ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਇਸ ਤਰ੍ਹਾਂ ਕਰਕੇ ਉਨ੍ਹਾਂ ਦੋ ਫਿਰਕਿਆਂ ਵਿਚਾਲੇ ਨਫਰਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਕਾਨੂੰਨੀ ਰਾਏ ਲੈ ਕੇ ਬਣਦੀ ਕਾਰਵਾਈ ਕਰਨਗੇ।





