ਚੰਡੀਗੜ੍ਹ : ਸਾਬਕਾ ਕੇਂਦਰੀ ਮੰਤਰੀ ਚੌਧਰੀ ਬੀਰੇਂਦਰ ਸਿੰਘ ਨੇ ਭਾਜਪਾ ਛੱਡ ਕੇ ਕਾਂਗਰਸ ’ਚ ਵਾਪਸ ਆਉਣ ਦਾ ਐਲਾਨ ਕੀਤਾ ਹੈ। ਉਨ੍ਹਾ ਦੇ ਪੁੱਤਰ ਬਿ੍ਰਜੇਂਦਰ ਸਿੰਘ, ਜੋ ਹਿਸਾਰ ਤੋਂ ਮੌਜੂਦਾ ਸੰਸਦ ਮੈਂਬਰ ਹਨ, ਲੋਕ ਸਭਾ ਅਤੇ ਭਾਜਪਾ ਤੋਂ ਅਸਤੀਫਾ ਦੇਣ ਮਗਰੋਂ ਪਿਛਲੇ ਮਹੀਨੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਚੌਧਰੀ ਬੀਰਂੇਦਰ ਸਿੰਘ ਨੇ ਕਿਹਾਮੈਂ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਅਸਤੀਫਾ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੂੰ ਭੇਜ ਦਿੱਤਾ ਹੈ। ਮੇਰੀ ਪਤਨੀ ਪ੍ਰੇਮ ਲਤਾ, ਜਿਹੜੀ 2014 ਤੋਂ 2019 ਤੱਕ ਵਿਧਾਇਕ ਰਹੀ ਹੈ, ਨੇ ਵੀ ਭਾਜਪਾ ਛੱਡ ਦਿੱਤੀ ਹੈ। ਮੰਗਲਵਾਰ ਅਸੀਂ ਕਾਂਗਰਸ ਵਿਚ ਸ਼ਾਮਲ ਹੋ ਜਾਵਾਂਗੇ। ਚੌਧਰੀ ਬੀਰੇਂਦਰ ਸਿੰਘ ਕਾਂਗਰਸ ਦਾ ਕਰੀਬ ਚਾਰ ਦਹਾਕਿਆਂ ਦਾ ਸਾਥ ਛੱਡ ਕੇ 2014 ਵਿਚ ਵੇਲੇ ਦੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ। ਚੌਧਰੀ ਬੀਰੇਂਦਰ ਸਿੰਘ ਨੇ ਅਕਤੂਬਰ 2023 ਵਿਚ ਜੀਂਦ ਦੀ ਰੈਲੀ ’ਚ ਭਾਜਪਾ ਛੱਡਣ ਦਾ ਅਲਟੀਮੇਟਮ ਦਿੱਤਾ ਸੀ। ਉਨ੍ਹਾ ਕਿਹਾ ਸੀ ਕਿ ਜੇ ਭਾਜਪਾ ਨੇ ਦੁਸ਼ਯੰਤ ਚੌਟਾਲਾ ਦੀ ਜਨਤਾ ਜਨਨਾਇਕ ਪਾਰਟੀ ਨਾਲ ਗਠਜੋੜ ਜਾਰੀ ਰੱਖਿਆ ਤਾਂ ਉਹ ਭਾਜਪਾ ਛੱਡ ਦੇਣਗੇ। ਚੌਧਰੀ ਬੀਰੇਂਦਰ ਸਿੰਘ, ਜਿਹੜੇ ਸਰ ਛੋਟੂ ਰਾਮ ਦੇ ਪੋਤੇ ਹਨ, ਨੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ।





