ਇਸਲਾਮਾਬਾਦ : ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਨੇਤਾ ਸਰਦਾਰ ਲਤੀਫ ਖੋਸਾ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਦੇ ਬਾਨੀ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਪ੍ਰੈਲ ’ਚ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਜਾਵੇਗਾ। ਖੋਸਾ ਨੇ ਐਤਵਾਰ ਏ ਆਰ ਵਾਈ ਨਿਊਜ਼ ’ਤੇ ਇੱਕ ਸ਼ੋਅ ਦੌਰਾਨ ਕਿਹਾਅਦਾਲਤ ਨੇ ਤੋਸ਼ਾਖਾਨਾ ਮਾਮਲੇ ’ਚ ਇਮਰਾਨ ਦੀ ਸਜ਼ਾ ਨੂੰ ਮੁਅੱਤਲ ਕਰ ਦਿੱਤਾ ਹੈ, ਜਦੋਂ ਕਿ ਸਿਫਰ ਕੇਸ ਇੱਕ ਹਫਤਾ ਵੀ ਨਹੀਂ ਚੱਲੇਗਾ। ਖੋਸਾ ਨੇ ਕਿਹਾ ਕਿ 9 ਮਈ ਦੇ ਦੰਗਿਆਂ ਨਾਲ ਸੰਬੰਧਤ ਕਿਸੇ ਵੀ ਮਾਮਲੇ ’ਚ ਇਮਰਾਨ ਦੀ ਸ਼ਮੂਲੀਅਤ ਸਾਬਤ ਨਹੀਂ ਹੋਈ। ਖੋਸਾ ਨੇ ਕਿਹਾ ਕਿ ਇਮਰਾਨ ਆਪਣੀ ਰਿਹਾਈ ਬਾਰੇ ਕੋਈ ਗੱਲਬਾਤ ਨਹੀਂ ਕਰਨਗੇ ਅਤੇ ਨਾ ਹੀ ਉਹ ਦੇਸ਼ ਛੱਡ ਕੇ ਭੱਜਣਗੇ। ਇਮਰਾਨ ਖਾਨ ਚਾਹੁੰਦੇ ਹਨ ਕਿ ਸਾਰੀਆਂ ਸੰਸਥਾਵਾਂ ਪਾਕਿਸਤਾਨ ਦੇ ਸੰਵਿਧਾਨ ਅਨੁਸਾਰ ਕੰਮ ਕਰਨ ਅਤੇ ਉਹ ਬਦਲਾਖੋਰੀ ਦੀ ਰਾਜਨੀਤੀ ਦੇ ਵਿਰੁੱਧ ਹਨ।





