ਯੋਰੋਸ਼ਲਮ : ਇਜ਼ਰਾਈਲ ਦੇ ਫੌਜ ਮੁਖੀ ਨੇ ਮੰਗਲਵਾਰ ਕਿਹਾ ਕਿ ਉਨ੍ਹਾਂ ਦਾ ਦੇਸ਼ ਪਿਛਲੇ ਹਫਤੇ ਈਰਾਨ ਦੇ ਹਮਲੇ ਦਾ ਜਵਾਬ ਦੇਵੇਗਾ। ਹਾਲਾਂਕਿ ਉਨ੍ਹਾ ਇਹ ਨਹੀਂ ਦੱਸਿਆ ਕਿ ਇਜ਼ਰਾਈਲ ਅਜਿਹਾ ਕਦੋਂ ਅਤੇ ਕਿਵੇਂ ਕਰੇਗਾ। ਇਜ਼ਰਾਈਲ ਨੇ ਦੋ ਹਫਤੇ ਪਹਿਲਾਂ ਸੀਰੀਆ ਦੀ ਰਾਜਧਾਨੀ ਦਮਿਸ਼ਕ ’ਚ ਈਰਾਨੀ ਦੂਤਘਰ ਦੀ ਇਮਾਰਤ ’ਤੇ ਹਮਲਾ ਕੀਤਾ ਸੀ, ਜਿਸ ਦੇ ਜਵਾਬ ’ਚ ਈਰਾਨ ਨੇ ਸ਼ਨਿਚਰਵਾਰ ਨੂੰ ਇਜ਼ਰਾਈਲ ’ਤੇ ਹਮਲਾ ਕੀਤਾ ਸੀ। ਦੋਹਾਂ ਦੇਸ਼ਾਂ ਵਿਚਾਲੇ ਦਹਾਕਿਆਂ ਤੋਂ ਚਲੀ ਆ ਰਹੀ ਦੁਸ਼ਮਣੀ ਦੌਰਾਨ ਪਹਿਲੀ ਵਾਰ ਈਰਾਨ ਨੇ ਇਜ਼ਰਾਈਲ ’ਤੇ ਸਿੱਧਾ ਫੌਜੀ ਹਮਲਾ ਕੀਤਾ। ਈਰਾਨ ਨੇ ਸੈਂਕੜੇ ਡਰੋਨ, ਬੈਲਿਸਟਿਕ ਮਿਜ਼ਾਈਲਾਂ ਅਤੇ ਕਰੂਜ਼ ਮਿਜ਼ਾਈਲਾਂ ਦਾਗੀਆਂ।
ਰਈਆ ’ਚ ਮਹਿਲਾ ’ਤੇ ਹਮਲਾ
ਰਈਆ : ਮੰਗਲਵਾਰ ਸਵੇਰੇ ਇੱਥੇ ਕਰੀਬ 11 ਵਜੇ ਦਾਣਾ ਮੰਡੀ ਵਿਚ ਸਥਿਤ ਸੁਵਿਧਾ ਕੇਂਦਰ ਵਿਚ ਬੱਚਿਆਂ ਦੇ ਸਰਟੀਫਿਕੇਟ ਅਪਲਾਈ ਕਰਨ ਆਈ ਪਿੰਡ ਲਿੱਦੜ ਦੀ ਪ੍ਰਭਜੀਤ ਕੌਰ ਨੂੰ ਨੌਜਵਾਨ ਨੇ ਕਿਰਚ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮਿ੍ਰਤਸਰ ਲਿਜਾਣਾ ਪਿਆ। ਪ੍ਰਭਜੀਤ ਕੌਰ ਨੇ ਦੱਸਿਆ ਕਿ ਉਸ ਉਪਰ ਹਰਪ੍ਰੀਤ ਸਿੰਘ ਵਾਸੀ ਭੋਰਸੀ ਨੇ ਜਾਨਲੇਵਾ ਹਮਲਾ ਕੀਤਾ ਹੈ। ਉਹ ਉਸ ਦੀ ਦੁਕਾਨ ’ਤੇ ਕੰਮ ਕਰਦੀ ਰਹੀ ਹੈ। ਡੀ ਐੱਸ ਪੀ ਬਾਬਾ ਬਕਾਲਾ ਸੁਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
ਗੋਲਡੀ ਬਰਾੜ ਦੇ ਨਾਂਅ ’ਤੇ 20 ਲੱਖ ਦੀ ਫਿਰੌਤੀ ਮੰਗਣ ਵਾਲੇ 3 ਕਾਬੂ
ਭਿੱਖੀਵਿੰਡ/ਖਾਲੜਾ (ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ)-ਗੈਂਗਸਟਰ ਗੋਲਡੀ ਬਰਾੜ ਦੇ ਨਾਂਅ ’ਤੇ ਵੀਹ ਲੱਖ ਦੀ ਫਿਰੌਤੀ ਮੰਗਣ ਵਾਲੇ ਤਿੰਨ ਮੁਲਜ਼ਮਾਂ ਨੂੰ ਖੇਮਕਰਨ ਪੁਲਸ ਨੇ ਇੱਕ ਖਿਡੌਣਾ ਪਿਸਤੌਲ, ਇੱਕ ਬਿਨਾਂ ਨੰਬਰੀ ਮੋਟਰਸਾਈਕਲ ਤੇ ਚਾਰ ਮੋਬਾਈਲ ਫੋਨਾਂ ਸਮੇਤ ਗਿ੍ਰਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੰਕਜ ਬਜਾਜ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਸਾਰੇ ਵਾਸੀ ਖੇਮਕਰਨ ਵਜੋਂ ਹੋਈ ਹੈ ਪ੍ਰੈੱਸ ਕਾਨਫਰੰਸ ਦੌਰਾਨ ਐੱਸ ਐੱਸ ਪੀ ਤਰਨ ਤਾਰਨ ਅਸ਼ਵਨੀ ਕਪੂਰ ਨੇ ਦੱਸਿਆ ਕਿ 14 ਅਪ੍ਰੈਲ ਨੂੰ ਖੇਮਕਰਨ ਦੇ ਅਮਿਤ ਕੁਮਾਰ ਨੇ ਪੁਲਸ ਸਟੇਸ਼ਨ ਖੇਮਕਰਨ ਨੂੰ ਦਰਖ਼ਾਸਤ ਰਾਹੀਂ ਸੂਚਿਤ ਕੀਤਾ ਸੀ ਕਿ ਉਸ ਦੇ ਲੜਕੇ ਕੋਲੋਂ ਗੋਲਡੀ ਬਰਾੜ ਨਾਮਕ ਗੈਂਗਸਟਰ ਨੇ ਫੋਨ ਕਰਕੇ 20 ਲੱਖ ਰੁਪਏ ਦੀ ਫਿਰੌਤੀ ਮੰਗੀ ਹੈ। ਖੇਮਕਰਨ ਪੁਲਸ ਤੇ ਸੀ ਆਈ ਏ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ ਨਾਕਾਬੰਦੀ ਦੌਰਾਨ ਪੰਕਜ ਬਜਾਜ, ਸ਼ੇਰਾ ਤੇ ਗੋਪੀ ਨੂੰ ਇੱਕ ਖਿਡਾਉਣਾ ਪਿਸਤੌਲ, ਇੱਕ ਬਿਨਾਂ ਨੰਬਰੀ ਹੀਰੋ ਡੀਲਕਸ ਮੋਟਰਸਾਈਕਲ ਤੇ ਵਾਰਦਾਤ ਸਮੇਂ ਵਰਤੇ ਗਏ ਚਾਰ ਮੋਬਾਈਲ ਫੋਨਾਂ ਸਮੇਤ ਕਾਬੂ ਕਰ ਲਿਆ ਗਿਆ। ਪੰਕਜ ਬਜਾਜ (20) ਨੇ ਕਰੀਬ 20 ਸਾਲ ਅਮਿਤ ਕੁਮਾਰ ਦੀ ਆੜਤ ’ਤੇ ਬਤੌਰ ਮੁਨੀਮ ਕੰਮ ਕੀਤਾ ਸੀ।