ਨਵੀਂ ਦਿੱਲੀ : ਭਾਰਤ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਸ਼ਨੀਵਾਰ ਨਵੇਂ ਅਪਰਾਧਿਕ ਨਿਆਂ ਕਾਨੂੰਨਾਂ ਦੇ ਲਾਗੂ ਹੋਣ ਨੂੰ ਸਮਾਜ ਲਈ ਇਤਿਹਾਸਕ ਪਲ ਕਰਾਰ ਦਿੱਤਾ ਅਤੇ ਕਿਹਾ ਕਿ ਭਾਰਤ ਆਪਣੀ ਅਪਰਾਧਿਕ ਨਿਆਂ ਪ੍ਰਣਾਲੀ ’ਚ ਮਹੱਤਵਪੂਰਨ ਤਬਦੀਲੀਆਂ ਲਈ ਤਿਆਰ ਹੈ। ਇਥੇ ਅਪਰਾਧਿਕ ਨਿਆਂ ਪ੍ਰਣਾਲੀ ਦੇ ਪ੍ਰਸ਼ਾਸਨ ’ਚ ਭਾਰਤ ਦਾ ਪ੍ਰਗਤੀਸ਼ੀਲ ਮਾਰਗ ਵਿਸ਼ੇ ’ਤੇ ਕਾਨਫਰੰਸ ’ਚ ਉਨ੍ਹਾ ਕਿਹਾ ਕਿ ਨਵੇਂ ਕਾਨੂੰਨ ਤਾਂ ਹੀ ਸਫਲ ਹੋਣਗੇ, ਜੇ ਅਸੀਂ ਨਾਗਰਿਕਾਂ ਵਜੋਂ ਉਨ੍ਹਾਂ ਨੂੰ ਅਪਣਾਉਂਦੇ ਹਾਂ। ਚੀਫ ਜਸਟਿਸ ਨੇ ਕਿਹਾ ਕਿ ਨਵੇਂ ਬਣਾਏ ਕਾਨੂੰਨਾਂ ਨੇ ਅਪਰਾਧਿਕ ਨਿਆਂ ਬਾਰੇ ਭਾਰਤ ਦੇ ਕਾਨੂੰਨੀ ਢਾਂਚੇ ਨੂੰ ਨਵੇਂ ਯੁੱਗ ’ਚ ਬਦਲ ਦਿੱਤਾ ਹੈ।
ਟਰੰਪ ਕੇਸ ਦੀ ਸੁਣਵਾਈ ਦੌਰਾਨ ਆਤਮਦਾਹ
ਨਿਊ ਯਾਰਕ : ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੌਜਦਾਰੀ ਮੁਕੱਦਮੇ ਵਿਚ ਸੁਣਵਾਈ ਦੌਰਾਨ ਇਕ ਵਿਅਕਤੀ ਨੇ ਮੈਨਹਟਨ ਕਿ੍ਰਮੀਨਲ ਕੋਰਟ ਦੇ ਬਾਹਰ ਆਤਮਦਾਹ ਕਰ ਲਿਆ। ਆਦਮੀ ਨੇ ਹਵਾ ’ਚ ਪੈਂਫਲਟ ਸੁੱਟੇ ਅਤੇ ਆਪਣੇ ਆਪ ਨੂੰ ਅੱਗ ਲਗਾ ਲਈ। ਹਸਪਤਾਲ ’ਚ ਉਸ ਦੀ ਮੌਤ ਹੋ ਗਈ।
54 ਗੱਡੀਆਂ ਰੱਦ
ਅੰਬਾਲਾ : ਸ਼ੰਭੂ ਰੇਲਵੇ ਸਟੇਸ਼ਨ ’ਤੇ ਕਿਸਾਨਾਂ ਦੇ ਸ਼ਨੀਵਾਰ ਚੌਥੇ ਦਿਨ ਵੀ ਪਟੜੀ ’ਤੇ ਬੈਠਣ ਕਾਰਨ ਅੰਬਾਲਾ-ਅੰਮਿ੍ਰਤਸਰ ਰੂਟ ’ਤੇ 54 ਰੇਲ ਗੱਡੀਆਂ ਨੂੰ ਰੱਦ ਕਰਨਾ ਪਿਆ। ਧਰਨਾਕਾਰੀ ਹਰਿਆਣਾ ਪੁਲਸ ਵੱਲੋਂ ਗਿ੍ਰਫਤਾਰ ਕੀਤੇ ਤਿੰਨ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ। ਪਿਛਲੇ ਤਿੰਨ ਦਿਨਾਂ ’ਚ 380 ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਤ ਹੋਈ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜਦੋਂ ਤੱਕ ਤਿੰਨੇ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਕੇਜਰੀਵਾਲ ਨੂੰ ਮੌਤ ਵੱਲ ਧੱਕਿਆ ਜਾ ਰਿਹੈ : ਆਪ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਸ਼ਨੀਵਾਰ ਦੋਸ਼ ਲਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿਚ ਇਨਸੁਲਿਨ ਅਤੇ ਡਾਕਟਰ ਦੀ ਸਲਾਹ ਤੋਂ ਵਾਂਝੇ ਰੱਖ ਕੇ ਹੌਲੀ-ਹੌਲੀ ਮੌਤ ਵੱਲ ਧੱਕਿਆ ਜਾ ਰਿਹਾ ਹੈ। ਪਾਰਟੀ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਟਾਈਪ-2 ਸ਼ੂਗਰ ਤੋਂ ਪੀੜਤ ਕੇਜਰੀਵਾਲ ਇਨਸੁਲਿਨ ਦੇਣ ਅਤੇ ਵੀਡੀਓ ਕਾਨਫਰੰਸ ਰਾਹੀਂ ਆਪਣੇ ਪਰਵਾਰਕ ਡਾਕਟਰ ਨਾਲ ਗੱਲ ਕਰਨ ਦੀ ਇਜਾਜ਼ਤ ਦੇਣ ਦੀ ਮੰਗ ਕਰ ਰਹੇ ਹਨ, ਪਰ ਜੇਲ੍ਹ ਪ੍ਰਸ਼ਾਸਨ ਉਨ੍ਹਾ ਦੀ ਮੰਗ ਨਹੀਂ ਮੰਨ ਰਿਹਾ।


