ਬੇਂਗਲੁਰੂ : ਜਨਤਾ ਦਲ (ਸੈਕੂਲਰ) ਦੇ ਸਾਂਸਦ ਪ੍ਰਜਵਲ ਰੇਵੰਨਾ ਦੇ ਹਜ਼ਾਰਾਂ ਮਹਿਲਾਵਾਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਦੀਆਂ ਵੀਡਿਓਜ਼ ਨੇ ਕਰਨਾਟਕ ਵਿਚ ਤੂਫਾਨ ਮਚਾ ਦਿੱਤਾ ਹੈ | ਰੇਵੰਨਾ ਨੇ ਸ਼ਿਕਾਇਤ ਕੀਤੀ ਹੈ ਕਿ ਛੇੜਛਾੜ ਕਰਕੇ ਉਸ ਖਿਲਾਫ ਅਸ਼ਲੀਲ ਵੀਡਿਓ ਸਰਕੂਲੇਟ ਕੀਤੀਆਂ ਗਈਆਂ ਹਨ | ਇਹ ਵੀ ਰਿਪੋਟਰਾਂ ਹਨ ਕਿ ਰੇਵੰਨਾ ਜਰਮਨੀ ਭੱਜ ਗਿਆ ਹੈ | ਰੇਵੰਨਾ ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦਾ ਪੋਤਾ ਹੈ ਤੇ ਉਸ ਨੂੰ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੇ ਹਸਨ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ, ਜਿੱਥੋਂ ਕਿ ਉਹ ਪਹਿਲਾਂ ਹੀ ਸੰਸਦ ਮੈਂਬਰ ਹੈ |
ਕਾਂਗਰਸ ਨੇ ਕਿਹਾ ਹੈ ਕਿ ਅਸ਼ਲੀਲ ਵੀਡਿਓਜ਼ ਨਾਲ ਭਰੀ ਪੈੱਨਡ੍ਰਾਈਵ ਤੋਂ ਪਤਾ ਲੱਗਦਾ ਹੈ ਕਿ ਰੇਵੰਨਾ ਨੇ ਹਜ਼ਾਰਾਂ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕੀਤਾ ਤੇ ਉਨ੍ਹਾਂ ਦੀਆਂ ਵੀਡਿਓ ਬਣਾਈਆਂ | ਇਸ ਦੇ ਬਾਵਜੂਦ ਸੱਤਾ ਦੇ ਲਾਲਚ ਵਿਚ ਡੁੱਬ ਚੁੱਕੀ ਭਾਜਪਾ ਨੇ ਅੱਖਾਂ ਮੀਟ ਕੇ ਉਸ ਨੂੰ ਉਮੀਦਵਾਰ ਬਣਾਇਆ | ਅੱਜ ਇਕ ਵਾਰ ਫਿਰ ਮਹਿਲਾ ਸਨਮਾਨ ਦਾ ਢੌਂਗ ਕਰਨ ਵਾਲੇ ਨਰਿੰਦਰ ਮੋਦੀ ਤੇ ਭਾਜਪਾ ਦੀ ਸੱਚਾਈ ਦੇਸ਼ ਸਾਹਮਣੇ ਆ ਚੁੱਕੀ ਹੈ | ਸੂਬਾਈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਗਲਕਸ਼ਮੀ ਚੌਧਰੀ ਨੇ ਮੁੱਖ ਮੰਤਰੀ ਸਿੱਧਾਰਮਈਆ ਤੇ ਡੀ ਜੀ ਪੀ ਨੂੰ ਰੇਵੰਨਾ ਖਿਲਾਫ ਦੋਸ਼ਾਂ ਬਾਰੇ ਲਿਖਿਆ ਸੀ | ‘ਕਰਨਾਟਕ ਮਹਿਲਾ ਦੁਰਜਨਯਾ ਵਿਰੋਧੀ ਵੇਦੀਕੇ’ ਨੇ ਮਹਿਲਾ ਕਮਿਸ਼ਨ ਕੋਲ ਇਸ ਬਾਰੇ ਸ਼ਿਕਾਇਤ ਕੀਤੀ ਸੀ | ਉਸ ਨੇ ਕਿਹਾ ਸੀ ਕਿ ਰੇਵੰਨਾ ਅਨੇਕਾਂ ਮਹਿਲਾਵਾਂ ਨਾਲ ਨਜ਼ਰ ਆ ਰਿਹਾ ਹੈ | ਮਹਿਲਾ ਕਮਿਸ਼ਨ ਦੀ ਚਿੱਠੀ ਦਾ ਨੋਟਿਸ ਲੈ ਕੇ ਸਰਕਾਰ ਨੇ ਕਥਿਤ ਸੈਕਸ ਸਕੈਂਡਲ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾ ਦਿੱਤੀ ਹੈ | ਇਸ ਸੰਬੰਧੀ ਹੋਲੇਨਰਸੀਪੁਰ ਥਾਣੇ ‘ਚ ਤਾਜ਼ੀਰਾਤੇ ਹਿੰਦ ਦੀ ਦਫਾ 354-ਏ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ |