ਕਰਨਾਟਕ ਦੇ ਹਾਸਨ ਤੋਂ ਲੋਕ ਸਭਾ ਸਾਂਸਦ, ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦੇ ਭਤੀਜੇ ਤੇ ਹਾਸਨ ਤੋਂ ਭਾਜਪਾ-ਜੇ ਡੀ ਐੱਸ ਦੇ ਸਾਂਝੇ ਉਮੀਦਵਾਰ ਪ੍ਰਜਵਲ ਰੇਵੰਨਾ ਦੇ ਸੈਕਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਹਾਹਾਕਾਰ ਮਚੀ ਹੋਈ ਹੈ। ਰੇਵੰਨਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਆਈ ਡੀ ਉੱਤੇ ‘ਮੋਦੀ ਦਾ ਪਰਵਾਰ’ ਲਿਖਿਆ ਹੋਇਆ ਹੈ। ਹਾਸਨ ਲੋਕ ਸਭਾ ਸੀਟ ’ਤੇ 26 ਅਪ੍ਰੈਲ ਨੂੰ ਵੋਟਾਂ ਪਈਆਂ ਸਨ। ਉਸ ਤੋਂ ਇੱਕ ਦਿਨ ਪਹਿਲਾਂ 25 ਅਪ੍ਰੈਲ ਨੂੰ ਸੈਂਕੜਿਆਂ ਦੀ ਗਿਣਤੀ ਵਿੱਚ ਪੈਨਡਰਾਈਵ ਬੱਸ ਅੱਡਿਆਂ ਤੇ ਹੋਰ ਜਨਤਕ ਸਥਾਨਾਂ ’ਤੇ ਰੱਖ ਦਿੱਤੇ ਗਏ, ਜਿਨ੍ਹਾਂ ਵਿੱਚ ਰੇਵੰਨਾ ਦੇ ਸੈਕਸ ਵੀਡੀਓ ਸਨ। ਇਸ ਤੋਂ ਬਾਅਦ ਇਹ ਖੁਦ-ਬਖੁਦ ਲੋਕਾਂ ਤੱਕ ਪੁੱਜ ਗਏ। ਕਿਹਾ ਜਾਂਦਾ ਹੈ ਕਿ ਇਹ ਇੱਕ-ਦੋ ਵੀਡੀਓਜ਼ ਨਹੀਂ, 3000 ਦੇ ਕਰੀਬ ਹਨ। ਇਨ੍ਹਾਂ ਵੀਡੀਓਜ਼ ਵਿੱਚ ਜਿਨ੍ਹਾਂ ਔਰਤਾਂ ਦਾ ਜਿਨਸੀ ਸ਼ੋਸ਼ਣ ਹੋਇਆ, ਉਨ੍ਹਾਂ ਵਿੱਚ ਘਰ ਦੀਆਂ ਨੌਕਰਾਣੀਆਂ, ਪਾਰਟੀ ਦੀਆਂ ਵਰਕਰ, ਪੁਲਸ ਮੁਲਾਜ਼ਮ ਔਰਤਾਂ ਤੇ ਅਫਸਰਾਂ ਦੀਆਂ ਪਤਨੀਆਂ ਤੱਕ ਸ਼ਾਮਲ ਸਨ। ਪ੍ਰਜਵਲ ਵੀਡੀਓਜ਼ ਖੁਦ ਬਣਾਉਂਦਾ ਸੀ ਤਾਂ ਜੋ ਪੀੜਤ ਔਰਤਾਂ ਬਦਨਾਮੀ ਦੇ ਡਰ ਕਾਰਨ ਸ਼ਿਕਾਇਤ ਨਾ ਕਰਨ।
ਸਵਾਲ ਇਹ ਹੈ ਕਿ ਰੇਵੰਨਾ ਦੀਆਂ ਕਰਤੂਤਾਂ ਦੀ ਇੱਕ ਸਾਲ ਤੋਂ ਵੱਧ ਸਮੇਂ ਤੋਂ ਕਰਨਾਟਕ ਵਿੱਚ ਚਰਚਾ ਚੱਲ ਰਹੀ ਸੀ, ਇਸ ਦੇ ਬਾਵਜੂਦ ਉਸ ਨੂੰ ਉਮੀਦਵਾਰ ਬਣਾਇਆ ਗਿਆ ਤੇ ਖੁਦ ਪ੍ਰਧਾਨ ਮੰਤਰੀ ਉਸ ਦਾ ਪ੍ਰਚਾਰ ਕਰਨ ਲਈ ਪਹੁੰਚੇ ਸਨ। ਇਹੋ ਨਹੀਂ, ਪ੍ਰਧਾਨ ਮੰਤਰੀ ਨੇ ਸਟੇਜ ਉੱਤੇ ਬੁਲਾ ਕੇ ਪ੍ਰਜਵਲ ਰੇਵੰਨਾ ਤੇ ਉਸ ਦੇ ਪਿਤਾ ਐੱਚ ਡੀ ਰੇਵੰਨਾ ਨੂੰ ਥਾਪੜਾ ਦਿੱਤਾ ਸੀ, ਜਦੋਂਕਿ ਉਹ ਅਜਿਹਾ ਕਰਦੇ ਨਹੀਂ ਹਨ।
ਇਸ ਕੇਸ ਦਾ ਪਿਛੋਕੜ ਖੰਘਾਲੀਏ ਤਾਂ 1 ਜੂਨ 2023 ਨੂੰ ਪ੍ਰਜਵਲ ਨੇ ਬੈਂਗਲੁਰੂ ਦੀ ਅਦਾਲਤ ਵਿੱਚ 86 ਮੀਡੀਆ ਪਲੇਟਫਾਰਮਾਂ ਵਿਰੁੱਧ ਕੇਸ ਦਾਇਰ ਕਰਕੇ ਅਦਾਲਤ ਨੂੰ ਕਿਹਾ ਸੀ ਕਿ ਉਸ ਦੇ ਖਿਲਾਫ਼ ਕੁਝ ਐਡਿਟ ਵੀਡੀਓ ਸਰਕੂਲੇਟ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਅਦਾਲਤ ਅਜਿਹੇ ਵੀਡੀਓ ਸਰਕੂਲੇਟ ਕਰਨ ਉੱਤੇ ਰੋਕ ਲਾਏ। ਮੀਡੀਆ ਦੇ ਨਾਲ-ਨਾਲ ਇਸ ਕੇਸ ਵਿੱਚ ਪ੍ਰਜਵਲ ਦੇ ਡਰਾਈਵਰ ਦਾ ਵੀ ਨਾਂਅ ਸੀ। ਇਸ ਡਰਾਈਵਰ ਨੇ ਪ੍ਰਜਵਲ ਕੋਲ 7 ਸਾਲ ਨੌਕਰੀ ਕਰਨ ਤੋਂ ਬਾਅਦ ਮਾਰਚ 2023 ਵਿੱਚ ਨੌਕਰੀ ਛੱਡ ਦਿੱਤੀ ਸੀ। ਦਸੰਬਰ 2023 ਵਿੱਚ ਇਸ ਕਾਰਤਿਕ ਨਾਂਅ ਦੇ ਡਰਾਈਵਰ ਨੇ ਹਾਸਨ ਦੇ ਪੁਲਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਾਈ ਸੀ ਕਿ 13 ਏਕੜ ਜ਼ਮੀਨ ਵਾਪਸ ਨਾ ਕਰਨ ਕਰਕੇ ਪ੍ਰਜਵਲ ਨੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਅਗਵਾ ਕਰ ਲਿਆ ਸੀ। ਇਸੇ ਦੌਰਾਨ ਕਾਰਤਿਕ ਨੇ ਭਾਜਪਾ ਆਗੂ ਐਡਵੋਕੇਟ ਦੇਵਰਾਜੇ ਗੌੜਾ ਰਾਹੀਂ ਪ੍ਰਜਵਲ ਵਿਰੁੱਧ ਅਦਾਲਤ ਵਿੱਚ ਕੇਸ ਕਰ ਦਿੱਤਾ। ਇਸ ਮੌਕੇ ਉਸ ਨੇ ਵਕੀਲ ਨੂੰ ਵੀਡੀਓਜ਼ ਵੀ ਦੇ ਦਿੱਤੇ ਸਨ।
ਜਨਵਰੀ 2024 ਵਿੱਚ ਇਨ੍ਹਾਂ ਵੀਡੀਓ ਦਾ ਜ਼ਿਕਰ ਤਦ ਆਇਆ, ਜਦੋਂ ਦੇਵਰਾਜੇ ਗੌੜਾ ਨੇ ਪ੍ਰਜਵਲ ਦੇ ਵਿਰੁੱਧ ਰਿਟ ਦਾਇਰ ਕਰਕੇ ਉਸ ਦੀ ਸਾਂਸਦੀ ਰੱਦ ਕਰਨ ਦੀ ਮੰਗ ਕੀਤੀ ਸੀ। ਕਰਨਾਟਕ ਹਾਈਕੋਰਟ ਨੇ ਪ੍ਰਜਵਲ ਨੂੰ ਡਿਸਕੁਆਲੀਫਾਈ ਕਰ ਦਿੱਤਾ ਸੀ, ਪਰ ਸੁਪਰੀਮ ਕੋਰਟ ਨੇ ਉਸ ਨੂੰ ਸਟੇਅ ਦੇ ਦਿੱਤਾ ਸੀ। ਦੇਵਰਾਜੇ ਗੌੜਾ ਨੇ 2023 ਦੀ ਵਿਧਾਨ ਸਭਾ ਚੋਣ ਲੜੀ ਸੀ, ਪਰ ਪ੍ਰਜਵਲ ਦੇ ਪਿਤਾ ਐਚ ਡੀ ਰੇਵੰਨਾ ਤੋਂ ਹਾਰ ਗਏ ਸਨ। ਦੇਵਰਾਜੇ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇਂਦਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਹਾਸਨ ਤੋਂ ਪ੍ਰਜਵਲ ਨੂੰ ਟਿਕਟ ਨਾ ਦਿੱਤੀ ਜਾਵੇ। ਅਸਲ ਵਿੱਚ ਦੇਵਰਾਜੇ ਗੌੜਾ ਖੁਦ ਹਾਸਨ ਸੀਟ ਤੋਂ ਚੋਣ ਲੜਨਾ ਚਾਹੁੰਦੇ ਸਨ।
ਸਵਾਲ ਇਹ ਹੈ ਕਿ ਔਰਤਾਂ ਨਾਲ ਜਿਨਸੀ ਖੇਹ-ਖਰਾਬੀ ਦੇ ਏਡੇ ਵੱਡੇ ਸਕੈਂਡਲ ਨੂੰ ਸਿਆਸੀ ਆਗੂ ਕਿਸ ਤਰ੍ਹਾਂ ਦਬਾਉਂਦੇ, ਵਰਤਦੇ ਤੇ ਮਿੱਟੀ ਪਾਉਂਦੇ ਰਹੇ ਸਨ। ਪ੍ਰਧਾਨ ਮੰਤਰੀ ਤੋਂ ਅਜਿਹੇ ਮਸਲੇ ’ਤੇ ਕਿਸੇ ਸੰਵੇਦਨਾ ਦੀ ਆਸ ਰੱਖਣੀ ਤਾਂ ਉਨ੍ਹਾ ਨਾਲ ਬੇਇਨਸਾਫ਼ੀ ਹੋਵੇਗੀ। ਯਾਦ ਕਰੋ, ਜਦੋਂ ਪਹਿਲਵਾਨ ਕੁੜੀਆਂ ਮੈਡਲ ਜਿੱਤ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਪੁੱਜੀਆਂ ਸਨ ਤਾਂ ਉਨ੍ਹਾਂ ਆਪਣੇ ਨਾਲ ਹੁੰਦੀਆਂ ਜਿਨਸੀ ਵਧੀਕੀਆਂ ਦੀ ਸ਼ਿਕਾਇਤ ਕੀਤੀ ਸੀ, ਪਰ ਪ੍ਰਧਾਨ ਮੰਤਰੀ ਦੋਸ਼ੀਆਂ ਦਾ ਬਚਾਅ ਕਰਨ ਵਿੱਚ ਲੱਗੇ ਰਹੇ। ਮਨੀਪੁਰ ਵਿੱਚ ਜਦੋਂ ਦੋ ਔਰਤਾਂ ਨੂੰ ਬਲਾਤਕਾਰ ਕਰਨ ਬਾਅਦ ਨੰਗਿਆਂ ਘੁੰਮਾਇਆ ਗਿਆ ਤਾਂ ਉਨ੍ਹਾ ਸੰਸਦ ਵਿੱਚ ਨਿੰਦਾ ਦਾ ਇੱਕ ਸ਼ਬਦ ਤੱਕ ਨਾ ਬੋਲਿਆ। ਸੂਬਾ ਭਾਜਪਾ ਦੇ ਆਗੂ ਵੀ ਘੱਟ ਕਸੂਰਵਾਰ ਨਹੀਂ, ਜਿਨ੍ਹਾਂ ਇਸ ਘਿਨੌਣੇ ਅਪਰਾਧ ’ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ।
ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਕਾਂਗਰਸ ਦੇ ਆਗੂਆਂ ਦਾ ਰਵੱਈਆ ਵੀ ਰੇਵੰਨਾ ਨੂੰ ਬਚਾਉਣ ਵਾਲਾ ਲਗਦਾ ਹੈ। ਕਾਂਗਰਸ ਦੇ ਮੁੱਖ ਮੰਤਰੀ ਸਿੱਧਰਮਈਆ ਦੀ ਅੱਖ ਉਦੋਂ ਖੁੱਲ੍ਹੀ, ਜਦੋਂ ਹਾਸਨ ਹਲਕੇ ਦੀ ਚੋਣ ਮੁੱਕ ਗਈ ਸੀ। ਐੱਚ ਡੀ ਰੇਵੰਨਾ ਵੋਕਾਲਿਗਾ ਭਾਈਚਾਰੇ ਦਾ ਵੱਡਾ ਲੀਡਰ ਹੈ। ਲਗਦਾ ਹੈ ਕਾਂਗਰਸ ਨੂੰ ਡਰ ਰਿਹਾ ਹੋਵੇਗਾ ਕਿ ਭਾਈਚਾਰਾ ਨਰਾਜ਼ ਨਾ ਹੋ ਜਾਵੇ। ਹੁਣ ਜਦੋਂ ਐਸ ਆਈ ਟੀ ਦਾ ਗਠਨ ਕੀਤਾ ਹੈ, ਦੋਸ਼ੀ ਜਰਮਨ ਭੱਜ ਗਿਆ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਔਰਤਾਂ ਵਿਰੁੱਧ ਵਾਪਰੀ ਇਸ ਸਭ ਤੋਂ ਵੱਡੀ ਤੇ ਘਿਨੌਣੀ ਘਟਨਾ ਨੇ ਸਾਡੇ ਸਿਆਸੀ ਤਾਣੇ-ਬਾਣੇ ਦਾ ਕਰੂਰ ਤੇ ਕਾਲਾ ਚਿਹਰਾ ਨੰਗਾ ਕਰਕੇ ਰੱਖ ਦਿੱਤਾ ਹੈ, ਜਿਸ ਨੇ ਸਾਰੇ ਦੇਸ਼ ਨੂੰ ਸ਼ਰਮਿੰਦਾ ਕੀਤਾ ਹੈ।
– ਚੰਦ ਫਤਿਹਪੁਰੀ