ਚੰਡੀਗੜ੍ਹ : ਬਸਪਾ ਨੇ ਚੰਡੀਗੜ੍ਹ ਲੋਕਸਭਾ ਸੀਟ ਤੋਂ ਡਾ. ਰਿਤੂ ਸਿੰਘ ਨੂੰ ਉਮੀਦਵਾਰ ਬਣਾਇਆ ਹੈ। ਉਹ ਦਿੱਲੀ ਯੂਨੀਵਰਸਿਟੀ ’ਚ ਪ੍ਰੋਫੈਸਰ ਰਹਿ ਚੁੱਕੀ ਹੈ। ਸੋਸ਼ਲ ਮੀਡੀਆ ’ਤੇ ਬਹੁਤ ਸਰਗਰਮ ਰਹਿੰਦੀ ਹੈ।
ਭਾਜਪਾ ਲਈ 200 ਪਾਰ ਕਰਨੀਆਂ ਵੀ ਔਖੀਆਂ : ਥਰੂਰ
ਨਵੀਂ ਦਿੱਲੀ : ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਭਾਜਪਾ ਦਾ 400 ਪਾਰ ਦਾ ਨਾਅਰਾ ਜੁਮਲਾ ਹੈ ਅਤੇ ਇਸ ਵੱਲੋਂ 300 ਸੀਟਾਂ ਜਿੱਤਣੀਆਂ ਵੀ ਅਸੰਭਵ ਹਨ। ਇੱਥੋਂ ਤੱਕ ਕਿ 200 ਵੀ ਜਿੱਤ ਲਵੇ ਤਾਂ ਵੱਡੀ ਗੱਲ ਹੋਵੇਗੀ। ਉਨ੍ਹਾ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੂੰ ਭਾਜਪਾ ਨੇ 2014 ਵਿਚ ਨੌਕਰੀ ਦਾ ਵਾਅਦਾ ਕੀਤਾ ਸੀ, ਉਹ 10 ਸਾਲ ਬੇਰੁਜ਼ਗਾਰ ਰਹਿ ਕੇ ਉਸ ਨੂੰ ਵੋਟ ਕਿਉ ਪਾਉਣਗੇ। ਉਨ੍ਹਾ ਕਿਹਾ ਕਿ ਪਹਿਲੇ ਦੋ ਗੇੜਾਂ ਦੀਆਂ ਚੋਣਾਂ ਤੋਂ ਲੱਗਦਾ ਹੈ ਕਿ ਜੇ ਆਪੋਜ਼ੀਸ਼ਨ ਦੇ ਹੱਕ ਵਿਚ ਜ਼ੋਰਦਾਰ ਲਹਿਰ ਨਹੀਂ ਹੈ ਤਾਂ ਸੱਤਾਧਾਰੀਆਂ ਦੇ ਹੱਕ ਵਿਚ ਵੀ ਨਹੀਂ ਹੈ। ਕਾਫੀ ਸੰਭਾਵਨਾ ਹੈ ਕਿ ਭਾਜਪਾ ਦੀ ਅਗਵਾਈ ਵਾਲਾ ਐੱਨ ਡੀ ਏ ਬਹੁਮਤ ਗੁਆ ਲਵੇਗਾ।
ਨਾ ਰਹੇਗਾ ਬਾਂਸ, ਨਾ ਵੱਜੇਗੀ ਬਾਂਸੁਰੀ
ਨਵੀਂ ਦਿੱਲੀ : ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਰਿਜ਼ਰਵੇਸ਼ਨ ਖਤਮ ਕਰਨੀ ਚਾਹੁੰਦੇ ਹਨ। ਉਨ੍ਹਾ ਦਾ ਮੰਤਰ ਹੈ ‘ਨਾ ਰਹੇਗਾ ਬਾਂਸ, ਨਾ ਵੱਜੇਗੀ ਬਾਂਸੁਰੀ’। ਮਤਲਬ ਸਰਕਾਰੀ ਨੌਕਰੀਆਂ ਖਤਮ ਕਰ ਦੇਣਗੇ ਤੇ ਫਿਰ ਰਿਜ਼ਰਵੇਸ਼ਨ ਦੀ ਲੋੜ ਹੀ ਨਹੀਂ ਰਹੇਗੀ। ਬੀ ਐੱਸ ਐੱਨ ਐੱਲ, ਸੇਲ, ਭੇਲ ਵਰਗੇ ਵੱਡੇ ਜਨਤਕ ਅਦਾਰਿਆਂ ਦੀਆਂ ਕਰੀਬ 6 ਲੱਖ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਇਹ ਰਿਜ਼ਰਵੇਸ਼ਨ ਸਿਸਟਮ ਨਾਲ ਭਰੀਆਂ ਜਾਣੀਆਂ ਸਨ। ਉਨ੍ਹਾ ਕਿਹਾ ਕਿ ਜੇ ਕਾਂਗਰਸ ਸੱਤਾ ਵਿਚ ਆਉਦੀ ਹੈ ਤਾਂ 30 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ।