ਅਹਿਮਦਾਬਾਦ : ਕਾਂਗਰਸ ਆਗੂ ਪਿ੍ਰਅੰਕਾ ਗਾਂਧੀ ਨੇ ਸ਼ਨੀਵਾਰ ਕਿਹਾ ਕਿ ਉਨ੍ਹਾ ਦੇ ਭਰਾ ਰਾਹੁਲ ਗਾਂਧੀ ਨੂੰ ਸ਼ਹਿਜ਼ਾਦਾ ਕਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਸ਼ਹਿਨਸ਼ਾਹ (ਸ਼ਾਹਾਂ ਦੇ ਸ਼ਾਹ) ਹਨ।
ਬਨਾਸਕਾਂਠਾ ਦੇ ਲਖਾਨੀ ਵਿਚ ਪਾਰਟੀ ਉਮੀਦਵਾਰ ਗੇਨੀਬੇਨ ਠਾਕੋਰ ਦੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪਿ੍ਰਅੰਕਾ ਨੇ ਕਿਹਾਉਹ ਮੇਰੇ ਭਰਾ ਨੂੰ ਸ਼ਹਿਜ਼ਾਦਾ ਕਹਿੰਦੇ ਹਨ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਸ਼ਹਿਜ਼ਾਦੇ ਨੇ ਤੁਹਾਡੀਆਂ ਮੁਸ਼ਕਲਾਂ ਸਮਝਣ ਲਈ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਚਾਰ ਹਜ਼ਾਰ ਕਿੱਲੋਮੀਟਰ ਦੀ ਪੈਦਲ ਯਾਤਰਾ ਕੀਤੀ। ਉਹ ਮੇਰੀਆਂ ਭੈਣਾਂ, ਭਰਾਵਾਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਪੁੱਛੀਆਂ। ਦੂਜੇ ਪਾਸੇ ਤੁਹਾਡੇ ਸ਼ਹਿਨਸ਼ਾਹ ਮਹਿਲ ਵਿਚ ਰਹਿੰਦੇ ਹਨ। ਤੁਸੀਂ ਉਨ੍ਹਾਂ ਨੂੰ ਟੈਲੀਵੀਜ਼ਨ ’ਤੇ ਕਦੇ ਗਹੁ ਨਾਲ ਦੇਖਿਆ? ਉਨ੍ਹਾ ਦੇ ਚਿਹਰੇ ’ਤੇ ਧੂੜ ਦਾ ਇਕ ਕਣ ਵੀ ਨਜ਼ਰ ਨਹੀਂ ਆਉਦਾ। ਉਹ ਤੁਹਾਡੀਆਂ ਸਮੱਸਿਆਵਾਂ ਕਿਵੇਂ ਸਮਝ ਸਕਦੇ ਹਨ?
ਪਿ੍ਰਅੰਕਾ ਨੇ ਇਹ ਵੀ ਕਿਹਾਮੋਦੀ ਸੱਤਾ ਨਾਲ ਘਿਰੇ ਹੋਏ ਹਨ। ਉਨ੍ਹਾ ਦੇ ਨੇੜੇ-ਤੇੜੇ ਦੇ ਲੋਕ ਉਨ੍ਹਾ ਤੋਂ ਡਰਦੇ ਹਨ। ਉਨ੍ਹਾਂ ਵਿੱਚੋਂ ਕੋਈ ਕੁਝ ਨਹੀਂ ਕਹਿੰਦਾ। ਜੇ ਕੋਈ ਆਵਾਜ਼ ਉਠਾ ਵੀ ਲਵੇ ਤਾਂ ਉਸ ਦੀ ਆਵਾਜ਼ ਨੂੰ ਦਬਾਅ ਦਿੱਤਾ ਜਾਂਦਾ ਹੈ। ਉਨ੍ਹਾ ਕਿਹਾ ਕਿ ਗੁਜਰਾਤ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਤਿਕਾਰ ਤੇ ਤਾਕਤ ਦਿੱਤੀ, ਪਰ ਉਹ ਸਿਰਫ ਵੱਡੇ ਲੋਕਾਂ ਦੇ ਨਾਲ ਹੀ ਨਜ਼ਰ ਆਉਦੇ ਹਨ। ਕੀ ਤੁਸੀਂ ਕਦੇ ਉਨ੍ਹਾ ਨੂੰ ਕਿਸਾਨ ਨੂੰ ਮਿਲਦੇ ਦੇਖਿਆ? ਕਿਸਾਨਾਂ ਨੇ ਕਾਲੇ ਕਾਨੂੰਨਾਂ ਖਿਲਾਫ ਪ੍ਰੋਟੈੱਸਟ ਕੀਤਾ। ਸੈਂਕੜੇ ਕਿਸਾਨ ਸ਼ਹੀਦ ਹੋ ਗਏ, ਪਰ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਮਿਲਣ ਨਹੀਂ ਗਏ। ਜਦੋਂ ਚੋਣਾਂ ਆਈਆਂ ਤਾਂ ਮਹਿਸੂਸ ਕੀਤਾ ਕਿ ਕਿਸਾਨਾਂ ਨੇ ਵੋਟਾਂ ਨਹੀਂ ਦੇਣੀਆਂ। ਫਿਰ ਪ੍ਰਧਾਨ ਮੰਤਰੀ ਨੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਪਿ੍ਰਅੰਕਾ ਨੇ ਕਿਹਾ ਕਿ ਭਾਜਪਾ ਸੰਵਿਧਾਨ ਬਦਲਣਾ ਚਾਹੁੰਦੀ ਹੈ। ਲੋਕਾਂ ਨੂੰ ਮਿਲੇ ਹੱਕਾਂ ਨੂੰ ਘਟਾਉਣਾ ਚਾਹੁੰਦੀ ਹੈ।
ਮੋਦੀ ਨੇ ਵੀਰਵਾਰ ਗੁਜਰਾਤ ਵਿਚ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਪਾਕਿਸਤਾਨ ਸਭ ਤੋਂ ਪੁਰਾਣੀ ਪਾਰਟੀ ਦੇ ਸ਼ਹਿਜ਼ਾਦੇ ਨੂੰ ਅਗਲਾ ਪ੍ਰਧਾਨ ਮੰਤਰੀ ਬਣਦਾ ਦੇਖਣਾ ਚਾਹੁੰਦਾ ਹੈ, ਕਿਉਕਿ ਦੇਸ਼ ਦੇ ਦੁਸ਼ਮਣ ਕਮਜ਼ੋਰ ਸਰਕਾਰ ਚਾਹੁੰਦੇ ਹਨ।