ਮੋਦੀ ਦਾ ਮਹਾਰਾਸ਼ਟਰ ’ਚ ਗੇੜੇ ’ਤੇ ਗੇੜਾ

0
165

ਮੁੰਬਈ : ਲੋਕ ਸਭਾ ਚੋਣਾਂ ਦੇ ਐਲਾਨ ਤੋਂ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਰਾਸ਼ਟਰ ਦੇ ਇਕ ਦਰਜਨ ਦੇ ਕਰੀਬ ਗੇੜੇ ਲਾ ਚੁੱਕੇ ਹਨ ਤੇ 20 ਮਈ ਨੂੰ ਸੂਬੇ ਵਿਚ ਆਖਰੀ ਗੇੜ ਦੀ ਪੋਲਿੰਗ ਤੱਕ ਅੱਧੀ ਕੁ ਦਰਜਨ ਗੇੜੇ ਹੋਰ ਲਾ ਸਕਦੇ ਹਨ। 2019 ਦੀਆਂ ਚੋਣਾਂ ਵਿਚ ਪੰਜ ਗੇੜੇ ਲਾਏ ਸਨ। ਇਹ ਦਰਸਾਉਦਾ ਹੈ ਕਿ ਭਾਜਪਾ ਬੇਚੈਨ ਹੈ। ਭਾਜਪਾ ਹਾਈਕਮਾਨ ਨੂੰ ਲੱਗ ਰਿਹਾ ਹੈ ਕਿ ਸੂਬਾਈ ਆਗੂ ਬੇੜੀ ਪਾਰ ਨਹੀਂ ਲਾ ਸਕਦੇ। ਇਸੇ ਕਰਕੇ ਮੋਦੀ ਦੇ ਨਾਲ-ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੂਬੇ ਦੇ ਵੱਧ ਤੋੋਂ ਵੱਧ ਗੇੜੇ ਲਾ ਰਹੇ ਹਨ। ਇਨ੍ਹਾਂ ਦੋਹਾਂ ਨੂੰ ਲੱਗਦਾ ਹੈ ਕਿ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨ ਸੀ ਪੀ) ਨਾਲ ਭਾਜਪਾ ਦਾ ਗੱਠਜੋੜ ਤਾਲਮੇਲ ਨਾਲ ਨਹੀਂ ਚੱਲ ਰਿਹਾ। ਇਸ ਗੱਠਜੋੜ ਨੂੰ ਉਮੀਦਵਾਰ ਐਲਾਨਣ ਵਿਚ ਕਾਫੀ ਮੁਸ਼ਕਲ ਹੋਈ। ਕੁਝ ਸੀਟਾਂ ’ਤੇ ਤਾਂ ਨਾਮਜ਼ਦਗੀਆਂ ਦੀ ਆਖਰੀ ਤਰੀਕ ’ਤੇ ਉਮੀਦਵਾਰ ਐਲਾਨੇ ਜਾ ਸਕੇ। ਦੂਜੇ ਪਾਸੇ ਕਾਂਗਰਸ, ਸ਼ਰਦ ਪਵਾਰ ਦੀ ਐੱਨ ਸੀ ਪੀ ਤੇ ਊਧਵ ਠਾਕਰੇ ਦੀ ਸ਼ਿਵ ਸੈਨਾ ਨੇ ਸੀਟਾਂ ਦੀ ਵੰਡ ਦਾ ਕੰਮ ਸਰਬਸੰਮਤੀ ਨਾਲ ਨਿਬੇੜ ਲਿਆ।
ਭਾਜਪਾ ਗੱਠਜੋੜ ਦੀ ਇਕ ਹੋਰ ਮੁਸ਼ਕਲ ਇਹ ਹੈ ਕਿ ਇਸ ਨੂੰ ਉਨ੍ਹਾਂ ਆਗੂਆਂ ਨੂੰ ਉਮੀਦਵਾਰਾਂ ਬਣਾਉਣਾ ਪਿਆ, ਜਿਨ੍ਹਾਂ ਨੂੰ ਇਹ ਆਪਣੇ ਨਾਲ ਰਲਣ ਤੋਂ ਪਹਿਲਾਂ ਕੁਰੱਪਟ ਦੱਸਦਾ ਸੀ। ਭਾਜਪਾ ਨੇ ਅਜੀਤ ਪਵਾਰ ਨੂੰ ਆਪਣੇ ਨਾਲ ਰਲਾਉਣ ਵੇਲੇ ਵੀ ਉਨ੍ਹਾ ਦੀ ਤਾਕਤ ਦਾ ਗਲਤ ਅੰਦਾਜ਼ਾ ਲਾਇਆ। ਅਜੀਤ ਪਵਾਰ ਬਾਰਾਮਤੀ ਹਲਕੇ ਵਿਚ ਆਪਣੀ ਪਤਨੀ ਨੂੰ ਸ਼ਰਦ ਪਵਾਰ ਦੀ ਬੇਟੀ ਸੁਪਿ੍ਰਆ ਸੂਲੇ ਖਿਲਾਫ ਜੇਤੂ ਬਣਾਉਣ ਲਈ ਇੱਕੋ ਹਲਕੇ ਵਿਚ ਸਿਮਟ ਕੇ ਰਹਿ ਗਏ ਹਨ। ਉਹ ਹੋਰਨਾਂ ਹਲਕਿਆਂ ’ਚ ਨਹੀਂ ਜਾ ਪਾ ਰਹੇ।
ਦੂਜੇ ਪਾਸੇ ਸ਼ਰਦ ਪਵਾਰ ਪੂਰੇ ਸੂਬੇ ਦਾ ਗੇੜਾ ਲਾ ਰਹੇ ਹਨ। ਊਧਵ ਠਾਕਰੇ ਪਹਿਲਾਂ ਭਾਜਪਾ ਨਾਲ ਹੁੰਦੇ ਸਨ ਤੇ ਹੁਣ ਇੰਡੀਆ ਗੱਠਜੋੜ ਵਿਚ ਹਨ। ਠਾਕਰੇ ਜਾਣਦੇ ਹਨ ਕਿ ਭਾਜਪਾ ਚੋਣਾਂ ਜਿੱਤਣ ਲਈ ਕਿਹੜੇ ਹਥਿਆਰ ਵਰਤਦੀ ਹੈ। ਉਹ ਭਾਜਪਾ ਦੀਆਂ ਚਾਲਾਂ ਨੂੰ ਕਾਟ ਕਰ ਰਹੇ ਹਨ। ਭਾਜਪਾ ਲਈ ਊਧਵ ਦੇ ਉਮੀਦਵਾਰਾਂ ’ਤੇ ਹਿੰਦੂਤਵ ਦੇ ਆਧਾਰ ’ਤੇ ਹਮਲੇ ਕਰਨੇ ਸੰਭਵ ਨਹੀਂ।

LEAVE A REPLY

Please enter your comment!
Please enter your name here