ਕੋਲਕਾਤਾ : 2019 ਦੀਆਂ ਚੋਣਾਂ ਵਿਚ ਪੁਲਵਾਮਾ ਹਮਲੇ ਕਾਰਨ ਕੌਮੀ ਸੁਰੱਖਿਆ ਦਾ ਮੁੱਦਾ ਭਾਰੂ ਹੋ ਗਿਆ ਸੀ, ਜਿਸ ਦਾ ਭਾਜਪਾ ਨੇ ਕਾਫੀ ਫਾਇਦਾ ਉਠਾਇਆ।
2024 ਦੀਆਂ ਚੋਣਾਂ ਵਿਚ ਪੱਛਮੀ ਬੰਗਾਲ ਵਿਚ ਕੌਮੀ ਮੁੱਦਿਆਂ ਦੀ ਥਾਂ ਸੂਬਾਈ ਮੁੱਦੇ ਭਾਰੂ ਹਨ, ਜਿਵੇਂ ਕਿ ਸੰਦੇਸ਼ਖਾਲੀ ਦੀਆਂ ਘਟਨਾਵਾਂ, ਸਕੂਲ ਸਰਵਿਸ ਕਮਿਸ਼ਨ ਵੱਲੋਂ ਟੀਚਰਾਂ ਤੇ ਗੈਰ-ਟੀਚਰਾਂ ਦੀਆਂ ਕੀਤੀਆਂ ਨਿਯੁਕਤੀਆਂ ਹਾਈ ਕੋਰਟ ਵੱਲੋਂ ਰੱਦ ਕਰਨਾ ਤੇ ਨਾਗਰਿਕ ਸੋਧ ਕਾਨੂੰਨ ਲਾਗੂ ਕਰਨਾ ਆਦਿ। ਸਿਆਸੀ ਮਾਹਰਾਂ ਮੁਤਾਬਕ ਸੂਬੇ ਵਿਚ ਐਤਕੀਂ ਤਿ੍ਰਣਮੂਲ ਕਾਂਗਰਸ ਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਦੀ ਥਾਂ ਤਿਕੋਣੀ ਟੱਕਰ ਹੋ ਰਹੀ ਹੈ, ਕਿਉਕਿ ਖੱਬੀਆਂ ਪਾਰਟੀਆਂ ਤੇ ਕਾਂਗਰਸ ਦਾ ਗੱਠਜੋੜ ਕਈ ਸੀਟਾਂ ’ਤੇ ਚੰਗੀ ਪੁਜ਼ੀਸ਼ਨ ਵਿਚ ਚੱਲ ਰਿਹਾ ਹੈ।
ਸੈਂਟਰ ਫਾਰ ਸਟੱਡੀਜ਼ ਇਨ ਸੋਸ਼ਲ ਸਾਇੰਸਿਜ਼ ’ਚ ਸਿਆਸੀ ਵਿਗਿਆਨੀ ਮੈਦੁਲ ਇਸਲਾਮ ਦਾ ਕਹਿਣਾ ਹੈ ਕਿ ਕੁਝ ਮਹੀਨੇ ਪਹਿਲਾਂ ਤਿ੍ਰਣਮੂਲ ਤੇ ਭਾਜਪਾ ਵਿਚਾਲੇ ਟੱਕਰ ਜਾਪਦੀ ਸੀ, ਪਰ ਹੁਣ 18-20 ਸੀਟਾਂ ’ਤੇ ਖੱਬੀਆਂ ਪਾਰਟੀਆਂ ਤੇ ਕਾਂਗਰਸ ਦੇ ਗੱਠਜੋੜ ਨੇ ਤਿਕੋਣੀ ਟੱਕਰ ਬਣਾ ਦਿੱਤੀ ਹੈ। ਮਾਲਦਾ ਤੇ ਮੁਰਸ਼ਿਦਾਬਾਦ ਜ਼ਿਲ੍ਹਿਆਂ ਦੀਆਂ ਦੋ-ਤਿੰਨ ਸੀਟਾਂ ਤੋਂ ਇਲਾਵਾ ਦੱਖਣੀ ਬੰਗਾਲ ਦੀਆਂ 13 ਸੀਟਾਂ ’ਤੇ ਮੁਕਾਬਲਾ ਤਿ੍ਰਣਮੂਲ ਕਾਂਗਰਸ ਅਤੇ ਖੱਬੀਆਂ ਪਾਰਟੀਆਂ ਤੇ ਕਾਂਗਰਸ ਦੇ ਗੱਠਜੋੜ ਵਿਚਾਲੇ ਚੱਲ ਰਿਹਾ ਹੈ। ਜਿੱਥੇ ਗੱਠਜੋੜ ਦਾ 10 ਫੀਸਦੀ ਤੋਂ ਵੱਧ ਵੋਟ ਬੈਂਕ ਹੈ, ਉਥੇ ਉਹ ਦੋ ਕੁ ਫੀਸਦੀ ਹੋਰ ਵੋਟਾਂ ਲੈ ਕੇ ਭਾਜਪਾ ਤੇ ਤਿ੍ਰਣਮੂਲ ਕਾਂਗਰਸ ਨੂੰ ਥੱਲੇ ਸੁੱਟ ਸਕਦਾ ਹੈ।
ਤਿ੍ਰਣਮੂਲ ਕਾਂਗਰਸ ਤੇ ਮਾਰਕਸੀ ਪਾਰਟੀ ਦੇ ਸੂਤਰਾਂ ਮੁਤਾਬਕ ਮਾਲਦਾ ਤੇ ਮੁਰਸ਼ਿਦਾਬਾਦ ਤੋਂ ਇਲਾਵਾ ਡਮ ਡਮ, ਸ੍ਰੀਰਾਮਪੁਰ, ਆਰਾਮਬਾਗ, ਹੁਗਲੀ, ਹਾਵੜਾ, ਬੱਰਾਕਪੁਰ, ਬਰਧਮਾਨ-ਪੁਰਬਾ, ਬਰਧਮਾਨ-ਦੁਰਗਾਪੁਰ, ਬਾਂਕੁਰਾ, ਪੁਰੁਲੀਆ, ਤਾਮਲੁਕ, ਕੋਲਕਾਤਾ ਨਾਰਥ ਤੇ ਜਾਦਵਪੁਰ ਵਿਚਾਲੇ ਮੁਕਾਬਲੇ ਤਿਕੋਣੇ ਹਨ। 2019 ’ਚ ਇਨ੍ਹਾਂ ਵਿੱਚੋਂ 8 ਸੀਟਾਂ ਤਿ੍ਰਣਮੂਲ ਕਾਂਗਰਸ ਨੇ ਤੇ ਬਾਕੀ ਭਾਜਪਾ ਨੇ ਜਿੱਤੀਆਂ ਸਨ।
ਖੱਬੀਆਂ ਪਾਰਟੀਆਂ 42 ਵਿੱਚੋਂ 30 ਤੇ ਕਾਂਗਰਸ 12 ਸੀਟਾਂ ਲੜ ਰਹੀ ਹੈ। ਪਿਛਲੀ ਵਾਰ ਭਾਜਪਾ ਨੇ 18 ਸੀਟਾਂ ਜਿੱਤੀਆਂ ਸਨ ਤੇ ਉਸ ਦਾ ਵੋਟ ਸ਼ੇਅਰ 17 ਫੀਸਦੀ ਤੋਂ ਵਧ ਕੇ 40 ਫੀਸਦੀ ਤੱਕ ਚਲੇ ਗਿਆ ਸੀ। ਤਿ੍ਰਣਮੂਲ ਦਾ ਵੋਟ ਸ਼ੇਅਰ 3 ਫੀਸਦੀ ਵਧਿਆ ਸੀ, ਪਰ ਫਿਰ ਵੀ ਉਹ 12 ਸੀਟਾਂ ਗੁਆ ਬੈਠੀ ਸੀ ਅਤੇ 34 ਤੋਂ 22 ’ਤੇ ਆ ਗਈ ਸੀ। ਖੱਬੀਆਂ ਪਾਰਟੀਆਂ ਦਾ ਵੋਟ ਸ਼ੇਅਰ 24 ਫੀਸਦੀ ਤੋਂ ਘਟ ਕੇ 6 ਫੀਸਦੀ ’ਤੇ ਆ ਗਿਆ ਸੀ ਤੇ ਉਨ੍ਹਾਂ ਨੂੰ ਕੋਈ ਸੀਟ ਨਹੀਂ ਮਿਲੀ ਸੀ। ਕਾਂਗਰਸ ਦਾ ਵੋਟ ਸ਼ੇਅਰ 9.5 ਫੀਸਦੀ ਤੋਂ ਘਟ ਕੇ 5 ਫੀਸਦੀ ’ਤੇ ਆ ਗਿਆ ਸੀ ਤੇ ਉਸ ਨੇ ਦੋ ਸੀਟਾਂ ਗੁਆ ਲਈਆਂ ਸਨ ਤੇ ਉਸ ਦੇ ਪੱਲੇ ਸਿਰਫ ਦੋ ਸੀਟਾਂ ਪਈਆਂ ਸਨ। ਇਕ ਤਿ੍ਰਣਮੂਲ ਆਗੂ ਨੇ ਮੰਨਿਆ ਕਿ ਕੁਰੱਪਸ਼ਨ ਤੇ ਟੀਚਰਾਂ ਦੇ ਮਾਮਲੇ ਦਾ ਖੱਬੀਆਂ ਪਾਰਟੀਆਂ ਤੇ ਕਾਂਗਰਸ ਨੂੰ ਫਾਇਦਾ ਹੋ ਰਿਹਾ ਹੈ। ਲੋਕਾਂ ਦਾ ਇਕ ਵਰਗ ਇਹ ਵੀ ਮਹਿਸੂਸ ਕਰਦਾ ਹੈ ਕਿ ਭਾਜਪਾ ਤੇ ਤਿ੍ਰਣਮੂਲ ਰਲੇ ਹੋਏ ਹਨ।
2021 ਦੀਆਂ ਅਸੰਬਲੀ ਚੋਣਾਂ ਤੋਂ ਬਾਅਦ 2023 ਵਿਚ ਹੋਈਆਂ ਪੰਚਾਇਤ ਚੋਣਾਂ ਦੌਰਾਨ ਭਾਜਪਾ ਦਾ ਵੋਟ ਸ਼ੇਅਰ ਲੋਕ ਸਭਾ ਦੇ 40 ਫੀਸਦੀ ਤੇ ਅਸੰਬਲੀ ਦੇ 38 ਫੀਸਦੀ ਤੋਂ ਘਟ ਕੇ 22 ਫੀਸਦੀ ’ਤੇ ਆ ਗਿਆ ਸੀ। ਤਿ੍ਰਣਮੂਲ ਦਾ ਸ਼ੇਅਰ 51 ਫੀਸਦੀ ਰਿਹਾ। ਖੱਬੀਆਂ ਪਾਰਟੀਆਂ-ਕਾਂਗਰਸ-ਆਈ ਐੱਸ ਐੱਫ ਦੇ ਗੱਠਜੋੜ ਨੇ 23 ਫੀਸਦੀ ਵੋਟਾਂ ਲਈਆਂ। ਕਾਂਗਰਸੀ ਆਗੂ ਸੁਵੰਕਰ ਸਰਕਾਰ ਮੁਤਾਬਕ ਲੋਕ ਗੱਠਜੋੜ ਦੀਆਂ ਰੈਲੀਆਂ ਵਿਚ ਹੁੰਮ-ਹੁੰਮਾ ਕੇ ਪੁੱਜ ਰਹੇ ਹਨ। ਮਾਰਕਸੀ ਆਗੂ ਸੁਜਾਨ ਚੱਕਰਵਰਤੀ ਮੁਤਾਬਕ ਗੱਠਜੋੜ ਹੈਰਾਨਕੁੰਨ ਨਤੀਜੇ ਦੇਵੇਗਾ।


