ਗੁਜਰਾਤ ਵਿੱਚ ਵੀ ਭਾਜਪਾ ਸੰਕਟ ’ਚ

0
182

7 ਮਈ ਨੂੰ ਚੋਣਾਂ ਦੇ ਤੀਜੇ ਗੇੜ ਵਿੱਚ ਜਿਨ੍ਹਾਂ ਸੀਟਾਂ ’ਤੇ ਵੋਟਾਂ ਪਈਆਂ ਹਨ, ਉਨ੍ਹਾਂ ਵਿੱਚ ਗੁਜਰਾਤ ਦੀਆਂ ਸਾਰੀਆਂ 26 ਸੀਟਾਂ ਵਿੱਚ ਇਹ ਸਭ ਸੀਟਾਂ ਸ਼ਾਮਲ ਹਨ। ਪਿਛਲੀਆਂ ਲੋਕ ਸਭਾ ਚੋਣਾਂ ਭਾਜਪਾ ਨੇ ਜਿੱਤੀਆਂ ਸਨ। ਰਾਜਕੋਟ ਤੋਂ ਭਾਜਪਾ ਉਮੀਦਵਾਰ ਪ੍ਰਸ਼ੋਤਮ ਰੁਪਾਲਾ ਵੱਲੋਂ ਰਾਜਪੂਤ ਸਮਾਜ ਦੀਆਂ ਔਰਤਾਂ ਬਾਰੇ ਕੀਤੀ ਗਈ ਭੱਦੀ ਟਿੱਪਣੀ ਕਾਰਨ ਪਿਛਲੇ ਇੱਕ ਮਹੀਨੇ ਤੋਂ ਰਾਜਪੂਤ ਭਾਈਚਾਰਾ ਰੁਪਾਲਾ ਖ਼ਿਲਾਫ਼ ਸੜਕਾਂ ’ਤੇ ਹੈ। ਰਾਜਪੂਤ ਸਮਾਜ ਦੀ ਮੰਗ ਸੀ ਕਿ ਭਾਜਪਾ ਰੁਪਾਲਾ ਦੀ ਟਿਕਟ ਕੱਟੇ, ਪਰ ਭਾਜਪਾ ਨੇ ਰਾਜਪੂਤਾਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਗੁਜਰਾਤ ਦੀਆਂ ਲੱਗਭੱਗ ਅੱਧੀਆਂ ਸੀਟਾਂ ’ਤੇ ਰਾਜਪੂਤਾਂ ਦਾ ਦਬਦਬਾ ਹੈ। ਇਸ ਕਾਰਨ ਭਾਜਪਾ ਇਸ ਵਾਰ ਲੱਗਭੱਗ ਇੱਕ ਤਿਹਾਈ ਸੀਟਾਂ ਹਾਰ ਸਕਦੀ ਹੈ।
ਗੁਜਰਾਤ ਦੀ ਆਨੰਦ ਸੀਟ ਤੋਂ ਕਾਂਗਰਸ ਨੇ ਰਾਜਪੂਤ ਵਿਧਾਇਕ ਅਮਿਤ ਚਾਵੜਾ ਨੂੰ ਖੜ੍ਹਾ ਕੀਤਾ ਹੈ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ ਇਹ ਸੀਟ 57 ਹਜ਼ਾਰ ਦੇ ਫ਼ਰਕ ਨਾਲ ਹਾਰੀ ਸੀ। ਭਾਜਪਾ ਨੇ ਪਾਟੀਦਾਰ ਸਮਾਜ ਦੇ ਨਿਤੇਸ਼ ਪਟੇਲ ਨੂੰ ਟਿਕਟ ਦਿੱਤੀ ਹੈ। ਇਸ ਸੀਟ ’ਤੇ 58 ਫ਼ੀਸਦੀ ਰਾਜਪੂਤ ਵੋਟ ਹੈ। ਜੇਕਰ ਰਾਜਪੂਤ ਤੇ ਮੁਸਲਿਮ ਵੋਟ ਅਮਿਤ ਚਾਵੜਾ ਨੂੰ ਮਿਲ ਗਏ ਤਾਂ ਉਹ ਜਿੱਤ ਸਕਦੇ ਹਨ। ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਘੇਲਾ ਦਾ ਕਹਿਣਾ ਹੈ ਕਿ ਰਾਜਪੂਤਾਂ ਦੀ ਨਰਾਜ਼ਗੀ ਕਾਰਨ ਭਾਜਪਾ ਅੱਧੀਆਂ ਸੀਟਾਂ ਹਾਰ ਸਕਦੀ ਹੈ।
ਇੱਕ ਹੋਰ ਸੀਟ ਖੇੜਾ ਦੀ ਹੈ, ਜਿਥੇ 50 ਫ਼ੀਸਦੀ ਤੋਂ ਵੱਧ ਰਾਜਪੂਤ ਹਨ। ਰਾਜਪੂਤ ਅੰਦੋਲਨ ਕਾਰਨ ਇਹ ਸੀਟ ਵੀ ਭਾਜਪਾ ਹੱਥੋਂ ਨਿਕਲ ਸਕਦੀ ਹੈ। ਬਨਾਸਕਾਂਠਾ ਸੀਟ ਉੱਤੇ ਲੱਗਭੱਗ 6 ਲੱਖ ਰਾਜਪੂਤ ਵੋਟਰ ਹਨ। ਇਸ ਹਲਕੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਸੀਟਾਂ ਵਿੱਚ 2 ਉੱਤੇ ਕਾਂਗਰਸ ਤੇ ਇਕ ਉਤੇ ਅਜ਼ਾਦ ਜਿੱਤਿਆ ਸੀ। ਇਸ ਸੀਟ ਉੱਤੇ ਕਾਂਗਰਸ ਦੀ ਉਮੀਦਵਾਰ ਗੇਨੀ ਬੇਨ ਠਾਕੋਰ ਹੈ। ਇਸ ਦੇ ਹੱਕ ਵਿੱਚ ਪਿ੍ਰਅੰਕਾ ਗਾਂਧੀ ਨੇ ਰੈਲੀ ਕੀਤੀ ਸੀ, ਜਿਸ ਵਿੱਚ ਵੱਡੀ ਭੀੜ ਜੁੜੀ ਸੀ। ਇਸ ਸੀਟ ਉੱਤੇ ਸਖ਼ਤ ਮੁਕਾਬਲਾ ਹੈ। ਮੱਧ ਗੁਜਰਾਤ ਦੀ ਛੋਟਾ ਉਦੇਪੁਰ ਸੀਟ ’ਤੇ ਦੋ ਲੱਖ ਰਾਜਪੂਤ ਵੋਟਰ ਹਨ। ਇਸ ਸੀਟ ’ਤੇ ਆਮ ਆਦਮੀ ਪਾਰਟੀ ਦਾ ਵੀ ਚੋਖਾ ਅਧਾਰ ਹੈ। ਇਸ ਦਾ ਲਾਭ ਕਾਂਗਰਸ ਨੂੰ ਮਿਲ ਸਕਦਾ ਹੈ। ਜਾਮਨਗਰ ਸੀਟ ’ਤੇ ਰਾਜਪੂਤਾਂ ਦੀ ਅਬਾਦੀ 11 ਫ਼ੀਸਦੀ ਤੇ ਮੁਸਲਮਾਨਾਂ ਦੀ 17 ਫ਼ੀਸਦੀ ਹੈ। ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਵਿੱਚ ਇਸ ਲੋਕ ਸਭਾ ਹਲਕੇ ਦੇ ਸਭ ਵਿਧਾਨ ਸਭਾ ਹਲਕਿਆਂ ਵਿੱਚ ਜੇਕਰ ਕਾਂਗਰਸ ਤੇ ਆਮ ਆਦਮੀ ਪਾਰਟੀਆਂ ਨੂੰ ਮਿਲੀਆਂ ਵੋਟਾਂ ਨੂੰ ਜੋੜ ਲਿਆ ਜਾਵੇ ਤਾਂ ਉਹ ਭਾਜਪਾ ਨੂੰ ਮਿਲੀਆਂ ਵੋਟਾਂ ਤੋਂ ਵੱਧ ਸਨ। ਜਾਮਨਗਰ ਵਿੱਚ ਹੋਈ ਪ੍ਰਧਾਨ ਮੰਤਰੀ ਦੀ ਰੈਲੀ ਦਾ ਵੀ ਵੋਟਰਾਂ ’ਤੇ ਉਲਟ ਪ੍ਰਭਾਵ ਪਿਆ। ਉਹ ਰਾਜਪੂਤਾਂ ਦਾ ਗੁੱਸਾ ਠੰਢਾ ਕਰਨ ਦੀ ਥਾਂ ਹਿੰਦੂ-ਮੁਸਲਿਮ ਕਰਦੇ ਰਹੇ, ਜਿਸ ਨੇ ਰਾਜਪੂਤਾਂ ਤੇ ਮੁਸਲਮਾਨਾਂ ਨੂੰ ਇੱਕ ਕਰ ਦਿੱਤਾ ਹੈ। ਇਸ ਸੀਟ ਉੱਤੇ ਵੀ ਕਾਂਗਰਸ ਦਾ ਹੱਥ ਉੱਪਰ ਹੈ।
ਰਾਜਕੋਟ ਲੋਕ ਸਭਾ ਸੀਟ ਤੋਂ ਰਾਜਪੂਤ ਔਰਤਾਂ ਉਤੇ ਟਿੱਪਣੀ ਕਰਨ ਵਾਲੇ ਪ੍ਰਸ਼ੋਤਮ ਰੁਪਾਲਾ ਭਾਜਪਾ ਦੇ ਉਮੀਦਵਾਰ ਹਨ। ਕਾਂਗਰਸ ਨੇ ਪਾਟੀਦਾਰ ਆਗੂ ਪਰੇਸ਼ ਧਨਾਨੀ ਨੂੰ ਖੜ੍ਹਾ ਕੀਤਾ ਹੈ, ਜਿਸ ਨੇ 2002 ਵਿੱਚ ਅਮਰੇਲੀ ਹਲਕੇ ਤੋਂ ਰੁਪਾਲਾ ਨੂੰ ਹਰਾਇਆ ਸੀ। ਇਸ ਸੀਟ ਉੱਤੇ ਸਾਢੇ ਤਿੰਨ ਲੱਖ ਲੇਓਵਾ ਪਟੇਲ, ਢਾਈ ਲੱਖ ਮੁਸਲਮਾਨ ਤੇ ਡੇਢ ਲੱਖ ਰਾਜਪੂਤ ਵੋਟਰ ਹਨ। ਕਾਂਗਰਸੀ ਉਮੀਦਵਾਰ ਲੇਓਵਾ ਪਟੇਲ ਤੇ ਰੁਪਾਲ ਕੜਵਾ ਪਟੇਲ ਹੈ। ਕਾਂਗਰਸ ਜੇਕਰ ਲੇਓਵਾ ਪਟੇਲ, ਰਾਜਪੂਤ, ਅਨੁਸੂਚਿਤ ਜਾਤਾਂ ਤੇ ਮੁਸਲਿਮ ਵੋਟਾਂ ਨੂੰ ਇੱਕਜੁੱਟ ਕਰ ਲੈਂਦੀ ਹੈ ਤਾਂ ਉਹ ਰੁਪਾਲਾ ਨੂੰ ਸਖ਼ਤ ਟੱਕਰ ਦੇ ਸਕਦੀ ਹੈ।
ਕੱਛ ਲੋਕ ਸਭਾ ਸੀਟ ਖੇਤਰਫਲ ਦੇ ਹਿਸਾਬ ਭਾਰਤ ਦੀ ਸਭ ਤੋਂ ਵੱਡੀ ਸੀਟ ਹੈ। ਇਸ ਸੀਟ ’ਤੇ 22 ਫ਼ੀਸਦੀ ਮੁਸਲਿਮ ਤੇ 13 ਫ਼ੀਸਦੀ ਅਨੁਸੂਚਿਤ ਜਾਤੀ ਦੇ ਵੋਟਰ ਹਨ। ਰਾਜਪੂਤਾਂ ਦੀ ਵੀ ਵੱਡੀ ਗਿਣਤੀ ਹੈ। ਜੇਕਰ ਰਾਜਪੂਤ ਉਲਟ-ਫੇਰ ਕਰਦੇ ਹਨ ਤਾਂ ਇੱਥੋਂ ਭਾਜਪਾ ਹਾਰ ਜਾਵੇਗੀ।
ਭਰੂਚ ਲੋਕ ਸਭਾ ਸੀਟ ਉੱਤੇ ਇੰਡੀਆ ਗੱਠਜੋੜ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੈਤਰ ਵਸਾਵਾ ਉਮੀਦਵਾਰ ਹਨ। ਚੈਤਰ ਵਸਾਵਾ ਨੇ ਵਿਧਾਨ ਸਭਾ ਚੋਣਾਂ ਵਿੱਚ ਡੇਡਿਆਪਾੜਾ ਸੀਟ ਤੋਂ ਭਾਜਪਾ ੳਮੀਦਵਾਰ ਹਿਤੇਸ਼ ਵਸਾਵਾ ਨੂੰ 40 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਸੀਟ ਉੱਤੇ 6 ਲੱਖ ਆਦਿਵਾਸੀ ਤੇ 4 ਲੱਖ ਮੁਸਲਿਮ ਵੋਟਰ ਹਨ। ਇਹ ਸੀਟ ਆਮ ਆਦਮੀ ਪਾਰਟੀ ਅਰਾਮ ਨਾਲ ਜਿੱਤ ਜਾਵੇਗੀ।
ਸੁਰੇਂਦਰ ਨਗਰ ਸੀਟ ਉੱਤੇ 5.89 ਲੱਖ ਕੋਲੀ, 2.23 ਲੱਖ ਰਾਜਪੂਤ, 2.03 ਲੱਖ ਦਲਿਤ ਤੇ 1 ਲੱਖ ਮੁਸਲਮਾਨ ਵੋਟਰ ਹਨ। ਇਸ ਸੀਟ ’ਤੇ ਭਾਜਪਾ ਤੇ ਕਾਂਗਰਸ ਦੋਵਾਂ ਦੇ ਉਮੀਦਵਾਰ ਕੋਲੀ ਹਨ। ਭਾਜਪਾ ਮਜ਼ਬੂਤ ਹੈ, ਪਰ ਰਾਜਪੂਤਾਂ ਦੀ ਨਰਾਜ਼ਗੀ ਉਸ ਨੂੰ ਭਾਰੀ ਪੈ ਸਕਦੀ ਹੈ।
ਪਾਟਨ ਲੋਕ ਸਭਾ ਸੀਟ ਵਿੱਚ ਆਉਣ ਵਾਲੀਆਂ ਵਿਧਾਨ ਸਭ ਸੀਟਾਂ ਉੱਤੇ 4 ਵਿਧਾਇਕ ਕਾਂਗਰਸ ਤੇ 3 ਭਾਜਪਾ ਦੇ ਹਨ। ਇਸ ਸੀਟ ’ਤੇ 5.25 ਲੱਖ ਵੋਟਰ ਠਾਕੋਰ ਸਮਾਜ ਦੇ ਹਨ। ਦੂਜੇ ਨੰਬਰ ਉੱਤੇ 2.25 ਲੱਖ ਮੁਸਲਮਾਨ, 1158 ਲੱਖ ਦਲਿਤ ਤੇ 1.38 ਲੱਖ ਰਾਜਪੂਤ ਹਨ। ਇਸ ਸੀਟ ਉੱਤੇ ਭਾਜਪਾ ਤੇ ਕਾਂਗਰਸ ਦੋਵਾਂ ਨੇ ਠਾਕੋਰ ਉਮੀਦਵਾਰ ਖੜ੍ਹੇ ਕੀਤੇ ਹਨ। ਰਾਜਪੂਤਾਂ ਦੀ ਨਰਾਜ਼ਗੀ ਤੇ ਮੁਸਲਮਾਨ ਵੋਟਾਂ ਕਾਰਨ ਕਾਂਗਰਸ ਦੇ ਚੰਦਨ ਜੀ ਠਾਕੋਰ ਦੀ ਸਥਿਤੀ ਮਜ਼ਬੂਤ ਹੈ।

LEAVE A REPLY

Please enter your comment!
Please enter your name here