ਬੈਂਕਾਕ : ਸਿੰਗਾਪੁਰ ਏਅਰਲਾਈਨਜ਼ ਦੀ ਲੰਡਨ-ਸਿੰਗਾਪੁਰ ਉਡਾਣ ’ਚ ਟਰਬਿਊਲੈਂਸ (ਝਟਕੇ) ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 30 ਜ਼ਖਮੀ ਹੋ ਗਏ। ਮਿਆਂਮਾਰ ਦੇ ਉਪਰੋਂ ਉਡਦਿਆਂ 37 ਹਜ਼ਾਰ ਫੁੱਟ ਦੀ ਉਚਾਈ ’ਤੇ ਖਰਾਬ ਮੌਸਮ ਕਾਰਨ ਜਹਾਜ਼ ਜ਼ੋਰ ਨਾਲ ਹਿੱਲਣ ਲੱਗਾ ਤੇ ਅੰਡੇਮਾਨ ਸਾਗਰ ਪਾਰ ਕਰਨ ਦੇ ਬਾਅਦ ਪੰਜ ਮਿੰਟਾਂ ਵਿਚ 31 ਹਜ਼ਾਰ ਫੁੱਟ ਦੀ ਉਚਾਈ ਤੱਕ ਹੇਠਾਂ ਆ ਗਿਆ। ਯਾਤਰੀਆਂ ਨੇ ਕਿਹਾ ਕਿ ਜਹਾਜ਼ ਦੀ ਉਚਾਈ ਘਟਾਉਣ ਵੇਲੇ ਸੀਟ ਬੈਲਟ ਬੰਨ੍ਹਣ ਦੀ ਚਿਤਾਵਨੀ ਨਹੀਂ ਦਿੱਤੀ ਗਈ ਤੇ ਕਈ ਯਾਤਰੀ ਉੱਛਲ ਗਏ। ਇਸ ਤੋਂ ਬਾਅਦ ਫਲਾਈਟ ਐੱਸ ਕਿਊ 321 ਨੂੰ ਬੈਂਕਾਕ ਵੱਲ ਮੋੜਿਆ ਗਿਆ ਅਤੇ ਸੁਵਰਨਭੂਮੀ ਉਤਾਰਿਆ ਗਿਆ। ਜਹਾਜ਼ ’ਚ 211 ਯਾਤਰੀ ਅਤੇ 18 ਚਾਲਕ ਦਲ ਦੇ ਮੈਂਬਰ ਸਵਾਰ ਸਨ।
ਜਹਾਜ਼ ਦੀ ਟੱਕਰ ਨਾਲ ਕਈ ਫਲੇਮਿੰਗੋ ਦੀ ਮੌਤ
ਮੁੰਬਈ : ਇੱਥੇ ਜਹਾਜ਼ ਦੀ ਟੱਕਰ ਨਾਲ 30 ਤੋਂ ਵੱਧ ਫਲੇਮਿੰਗੋ (ਰਾਜ ਹੰਸ) ਦੀ ਮੌਤ ਹੋ ਗਈ। ਵਾਤਾਵਰਨ ਕਾਰਕੁਨਾਂ ਨੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਤੋਂ ਜਾਂਚ ਦੀ ਮੰਗ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਸ਼ਹਿਰੀ ਯੋਜਨਾਕਾਰਾਂ ਨੇ ਅਜਿਹੀਆਂ ਆਫਤਾਂ ਬਾਰੇ ਚਿਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਪੁਲਸ ਨੇ ਦੱਸਿਆ ਕਿ ਹੁਣ ਤੱਕ ਘਾਟਕੋਪਰ ਇਲਾਕੇ ਤੋਂ 32 ਫਲੇਮਿੰਗੋ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਹ ਪੰਛੀ ਸੋਮਵਾਰ ਰਾਤ ਨੂੰ ਇੱਥੇ ਉਤਰੇ ਜਹਾਜ਼ ਨਾਲ ਟਕਰਾਅ ਗਏ।


