ਅਹਿਮਦਾਬਾਦ : ਗੁਜਰਾਤ ਹਾਈ ਕੋਰਟ ਨੇ ਰਾਜਕੋਟ ’ਚ ਸ਼ਨਿੱਚਰਵਾਰ ਨੂੰ ਵਾਪਰੇ ਗੇਮਿੰਗ ਜ਼ੋਨ ਹਾਦਸੇ ’ਚ 28 ਜਾਨਾਂ ਜਾਣ ਦਾ ਖੁਦ ਨੋੋਟਿਸ ਲੈਂਦਿਆਂ ਕਿਹਾ ਕਿ ਪਹਿਲੀ ਨਜ਼ਰੇ ਇਹ ਵਿਅਕਤੀ ਵੱਲੋਂ ਸਹੇੜੀ ਆਫਤ ਹੈ। ਜਸਟਿਸ ਬੀਰੇਨ ਵੈਸ਼ਨਵ ਤੇ ਜਸਟਿਸ ਦੇਵਨ ਦੇਸਾਈ ਦੀ ਬੈਂਚ ਨੇ ਕਿਹਾ ਕਿ ਅਜਿਹੇ ਗੇਮਿੰਗ ਜ਼ੋਨ ਕਿਸੇ ਸਮਰੱਥ ਅਥਾਰਿਟੀ ਦੀ ਲੋੜੀਂਦੀ ਪ੍ਰਵਾਨਗੀ ਤੋਂ ਬਗੈਰ ਹੀ ਚਲਾਏ ਜਾ ਰਹੇ ਹਨ। ਬੈਂਚ ਨੇ ਅਹਿਮਦਾਬਾਦ, ਵਡੋਦਰਾ, ਸੂਰਤ ਤੇ ਰਾਜਕੋਟ ਨਗਰ ਨਿਗਮਾਂ ਦੇ ਵਕੀਲਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸੋਮਵਾਰ ਨੂੰ ਉਸ ਅੱਗੇ ਪੇਸ਼ ਹੋ ਕੇ ਦੱਸਣ ਕਿ ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਤਹਿਤ ਅਧਿਕਾਰੀਆਂ ਨੇ ਇਨ੍ਹਾਂ ਯੂਨਿਟਾਂ ਨੂੰ ਆਪਣੇ ਅਧਿਕਾਰ ਖੇਤਰ ’ਚ ਗੇਮਿੰਗ ਜ਼ੋਨ ਸਥਾਪਤ ਕਰਨ ਜਾਂ ਕੰਮ ਕਰਨ ਦੀ ਇਜਾਜ਼ਤ ਦਿੱਤੀ।
ਗੁਜਰਾਤ ਸਰਕਾਰ ਨੇ ਹਾਦਸੇ ਦੀ ਜਾਂਚ ਲਈ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ, ਜੋ 72 ਘੰਟਿਆਂ ਵਿਚ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੇਗੀ। ‘ਸਿਟ’ ਮੈਂਬਰਾਂ ਨੇ ਸ਼ਨਿੱਚਰਵਾਰ ਦੇਰ ਰਾਤ ਸਥਾਨਕ ਪ੍ਰਸ਼ਾਸਨ ਨਾਲ ਬੈਠਕ ਕੀਤੀ। ਬੈਠਕ ਵਿਚ ਸੂਬੇ ਦੇ ਗ੍ਰਹਿ ਮੰਤਰੀ ਹਰਸ਼ ਸਾਂਘਵੀ ਵੀ ਮੌਜੂਦ ਸਨ। ਅੱਗ ਕਰਕੇ ਲਾਸ਼ਾਂ ਬੁਰੀ ਤਰ੍ਹਾਂ ਝੁਲਸ ਗਈਆਂ, ਜਿਨ੍ਹਾਂ ਦੀ ਪਛਾਣ ਕਰਨੀ ਵੀ ਮੁਸ਼ਕਲ ਸੀ। ਅਧਿਕਾਰੀਆਂ ਨੇ ਕਿਹਾ ਕਿ ਪੀੜਤਾਂ ਦੀ ਪਛਾਣ ਲਈ ਲਾਸ਼ਾਂ ਦੇ ਡੀ ਐੱਨ ਏ ਨਮੂਨੇ ਇਕੱਤਰ ਕੀਤੇ ਗਏ ਹਨ। ਮੁੱਖ ਮੰਤਰੀ ਭੁਪੇਂਦਰ ਪਟੇਲ ਨੇ ਐਤਵਾਰ ਸਵੇਰੇ ਨਾਨਾ-ਮਾਵਾ ਰੋਡ ’ਤੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ। ਮੁੱਖ ਮੰਤਰੀ ਮਗਰੋਂ ਹਸਪਤਾਲ ਵਿਚ ਜ਼ਖਮੀਆਂ ਨੂੰ ਵੀ ਮਿਲੇ।
ਅਧਿਕਾਰੀਆਂ ਨੇ ਕਿਹਾ ਕਿ ਗੇਮਿੰਗ ਜ਼ੋਨ ਦੇ ਮਾਲਕ ਯੁਵਰਾਜ ਸੋਲੰਕੀ, ਪਾਰਟਨਰ ਪ੍ਰਕਾਸ਼ ਜੈਨ, ਰਾਹੁਲ ਰਾਠੌੜ ਤੇ ਮੈਨੇਜਰ ਨਿਤਿਨ ਜੈਨ ਨੂੰ ਗਿ੍ਰਫਤਾਰ ਕਰ ਲਿਆ ਹੈ। ਮਰਨ ਵਾਲਿਆਂ ਵਿਚ 12 ਬੱਚੇ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਗੇਮ ਜ਼ੋਨ ਦੇ ਅੰਦਰ-ਬਾਹਰ ਜਾਣ ਦਾ ਰਾਹ ਇੱਕੋ ਸੀ। ਕਿਰਾਏ ਦੀ ਦੋ ਏਕੜ ਜ਼ਮੀਨ ’ਤੇ ਤਿੰਨ ਮੰਜ਼ਲਾ ਗੇਮ ਜ਼ੋਨ 2020 ਵਿਚ ਬਣਾਇਆ ਗਿਆ ਸੀ। ਢਾਂਚਾ ਲੱਕੜੀ ਦਾ ਸੀ ਤੇ ਟੀਨ ਦੀ ਸ਼ੈੱਡ ਸੀ। ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਤੇ ਇਕ ਤਾਂ ਪੌੜੀਆਂ ’ਚ ਵੈਲਡਿੰਗ ਦੌਰਾਨ ਚੰਗਿਆੜੀ ਨਾਲ ਅੱਗ ਲੱਗ ਗਈ ਤੇ ਤੇਜ਼ੀ ਨਾਲ ਫੈਲ ਗਈ। ਤੀਜੀ ਮੰਜ਼ਲ ਤੱਕ ਇੱਕ ਹੀ ਪੌੜੀ ਸੀ ਤੇ ਲੋਕ ਭੱਜ ਨਹੀਂ ਸਕੇ।



