ਨਵੀਂ ਦਿੱਲੀ : ਮੈਡੀਕਲ ਪ੍ਰਵੇਸ ਪ੍ਰੀਖਿਆ ਨੀਟ ਦੇ ਰਿਜ਼ਲਟ ’ਚ ਕਥਿਤ ਧਾਂਦਲੀ ਤੋਂ ਬਾਅਦ ਮਚੇ ਹੰਗਾਮੇ ਅਤੇ ਸੀ ਬੀ ਆਈ ਜਾਂਚ ਦੀ ਮੰਗ ਵਿਚਾਲੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਨੇ ਸ਼ਨੀਵਾਰ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਸਟੂਡੈਂਟਸ ਨੂੰ ਗਰੇਸ ਅੰਕ ਦੇਣ ਨਾਲ ਨਤੀਜਿਆਂ ’ਚ ਫਰਕ ਨਹੀਂ ਪੈਂਦਾ। ਐੱਨ ਟੀ ਏ ਨੇ ਪੇਪਰ ਲੀਕ ਹੋਣ ਦੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ। ਡੀ ਜੀ ਸੁਬੋਧ ਕੁਮਾਰ ਸਿੰਘ ਨੇ ਕਿਹਾ, ‘ਇਹ ਮਸਲਾ ਸਿਰਫ਼ 1600 ਵਿਦਿਆਰਥੀਆਂ ਦਾ ਹੈ। ਪੇਪਰ 23 ਲੱਖ ਤੋਂ ਜ਼ਿਆਦਾ ਬੱਚਿਆਂ ਨੇ ਦਿੱਤਾ ਸੀ। 4750 ਸੈਂਟਰਾਂ ਦੀ ਬਜਾਏ ਸਿਰਫ਼ 6 ਸੈਂਟਰਾਂ ਦਾ ਮਾਮਲਾ ਹੈ। ਵਿਦਿਆਰਥੀਆਂ ਦੀ ਗਰੇਸ ਮਾਰਕਸ ਅਤੇ ਟਾਈਮ ਲਾਸ ਨਾਲ ਜੁੜੀਆਂ ਸ਼ਿਕਾਇਤਾਂ ’ਤੇ ਵਿਚਾਰ ਕਰਨ ਲਈ ਇੱਕ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦੀ ਜੋ ਸਿਫਾਰਿਸ਼ ਆਵੇਗੀ, ਅਸੀਂ ਉਸ ’ਤੇ ਫੈਸਲਾ ਲਵਾਂਗੇ। ਇੱਕ ਹਫ਼ਤੇ ’ਚ ਇਸ ਦੀ ਸਿਫਾਰਿਸ਼ ਆ ਜਾਵੇਗੀ। ਕਮੇਟੀ ’ਚ ਯੂ ਪੀ ਐੱਸ ਸੀ ਦੇ ਸਾਬਕਾ ਮੈਂਬਰ ਅਤੇ ਕਈ ਸੀਨੀਅਰ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।’ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਸਾਡੀ ਕਮੇਟੀ 1563 ਵਿਦਿਆਰਥੀਆਂ ਅਤੇ 6 ਸੈਂਟਰਾਂ ਦੀ ਜਾਂਚ ਕਰੇਗੀ, ਜਿੱਥੇ ਗ੍ਰੇਸ ਮਾਰਕ ਮਿਲੇ ਹਨ। ਇਹ ਸੈਂਟਰ ਮੇਘਾਲਿਆ, ਬਹਾਦਰਗੜ੍ਹ (ਹਰਿਆਣਾ), ਦੰਤੇਵਾੜਾ, ਬਾਲੇਦ (ਛੱਤੀਸਗੜ੍ਹ), ਸੂਰਤ (ਗੁਜਰਾ) ਅਤੇ ਚੰਡੀਗੜ੍ਹ ਦੇ ਹਨ। ਇਸ ਦੌਰਾਨ ਨਤੀਜਿਆਂ ’ਚ ਗੜ੍ਹਬੜੀ ਦੇ ਵਿਰੋਧ ’ਚ ਦਿੱਲੀ ਅਤੇ ਕੋਲਕਾਤਾ ਹਾਈਕੋਰਟ ’ਚ ਪਟੀਸ਼ਨ ਦਾਖਲ ਕੀਤੀ ਗਈ ਹੈ। ਪੇਪਰ ਲੀਕ ਦੇ ਦੋਸ਼ਾਂ ’ਤੇ ਅਧਿਕਾਰੀਆਂ ਨੇ ਕਿਹਾਸੋਸ਼ਲ ਮੀਡੀਆ ’ਤੇ ਜੋ ਪੇਪਰ ਆਇਆ, ਉਹ ਪੇਪਰ ਸ਼ੁਰੂ ਹੋਣ ਤੋਂ ਬਾਅਦ ਆਇਆ ਸੀ। ਅਸੀਂ ਆਪਣੇ ਪ੍ਰੋਟੋਕਾਲ ਅਤੇ ਸਟੈਂਡਰਡ ਨੂੰ ਹੋਰ ਮਜ਼ਬੂਤ ਬਣਾਵਾਂਗੇ, ਤਾਂ ਕਿ ਇਸ ਤਰ੍ਹਾਂ ਦੀ ਗਲਤੀ ਫਿਰ ਤੋਂ ਨਾ ਹੋਵੇ। ਉਨ੍ਹਾ ਨੂੰ ਪਤਾ ਲੱਗਾ ਕਿ ਕੁਝ ਕੇਂਦਰਾਂ ’ਤੇ ਸਮੇਂ ਦੀ ਬਰਬਾਦੀ ਹੋਈ ਅਤੇ ਵਿਦਿਆਰਥੀਆਂ ਨੂੰ ਇਸ ਲਈ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਕਮੇਟੀ ਨੇ ਸੋਚਿਆ ਕਿ ਉਹ ਸ਼ਿਕਾਇਤਾਂ ਨੂੰ ਦੂਰ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਨੂੰ ਮੁਆਵਜ਼ਾ ਦੇ ਸਕਦੇ ਹਨ। ਇਸ ਲਈ ਕੁਝ ਵਿਦਿਆਰਥੀਆਂ ਨੂੰ ਗਰੇਸ ਮਾਰਕ ਦਿੱਤੇ ਗਏ ਹਨ। ਇਸ ਕਾਰਨ ਕੁਝ ਵਿਦਿਆਰਥੀਆਂ ਦੀਆਂ ਚਿੰਤਾਵਾਂ ਸਾਹਮਣੇ ਆਈਆਂ, ਕਿਉਂਕਿ ਕੁਝ ਉਮੀਦਵਾਰਾਂ ਨੂੰ 718 ਅਤੇ 719 ਅੰਕ ਮਿਲੇ ਅਤੇ 6 ਉਮੀਦਵਾਰ ਟਾਪ ਬਣ ਗਏ। ਸੁਬੋਧ ਕੁਮਾਰ ਨੇ ਕਿਹਾਪ੍ਰੀਖਿਆ ਦੀ ਪੂਰੀ ਪ੍ਰਕਿਰਿਆ ਪਾਰਦਰਸ਼ੀ ਰਹੀ। ਅਸੀਂ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਪੂਰੇ ਦੇਸ਼ ’ਚ ਪ੍ਰੀਖਿਆ ਪੂਰੀ ਇਮਾਨਦਾਰੀ ਨਾਲ ਹੋਈ।




