ਕੁੜੀ ਦੇ ਵਿਆਹ ਵਾਲੇ ਦਿਨ ਪਿਓ-ਭਰਾ ਦੀ ਹਾਦਸੇ ’ਚ ਮੌਤ

0
170

ਜਲੰਧਰ (ਇਕਬਾਲ ਸਿੰਘ ਉੱਭੀ, ਸ਼ੈਲੀ ਐੈਲਬਰਟ)-ਵਿਆਹ ਲਈ ਮੰਡੀ ’ਚ ਸਬਜ਼ੀਆਂ ਲੈਣ ਜਾ ਰਹੇ ਪਿੰਡ ਹੇਅਰਾਂ ਵਾਸੀ ਮੋਟਰਸਾਇਕਲ ਸਵਾਰ ਪਿਓ-ਪੁੱਤ ਨੂੰ ਨਕੋਦਰ ਰੋਡ ’ਤੇ ਟਿੱਪਰ ਨੇ ਕੁਚਲ ਦਿੱਤਾ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ।ਟਿੱਪਰ ਚਾਲਕ ਟਿੱਪਰ ਛੱਡ ਕੇ ਮੌਕੇ ਤੋਂ ਭੱਜ ਗਿਆ । ਜਸਵੀਰ ਸਿੰਘ ਦੀ ਧੀ ਦਾ ਬੁੱਧਵਾਰ ਨੂੰ ਵਿਆਹ ਸੀ, ਜਿਸ ਲਈ ਉਹ ਆਪਣੇ ਪੁੱਤਰ ਤਰਨਜੀਤ ਸਿੰਘ ਤੇ ਜੀਜਾ ਮਹਿੰਦਰ ਸਿੰਘ ਨਾਲ ਸਬਜ਼ੀ ਲੈਣ ਲਈ ਜਲੰਧਰ ਦੀ ਮਕਸੂਦਾਂ ਮੰਡੀ ਵੱਲ ਆ ਰਿਹਾ ਸੀ। ਮਹਿੰਦਰ ਸਿੰਘ ਇਕ ਮੋਟਰਸਾਈਕਲ ’ਤੇ ਅਤੇ ਦੋਵੇਂ ਪਿਓ-ਪੁੱਤ ਇਕ ਮੋਟਰਸਾਈਕਲ ’ਤੇ ਸਨ। ਜਦ ਦੋਵੇਂ ਪਿਓ-ਪੁੱਤ ਨਕੋਦਰ ਰੋਡ ’ਤੇ ਸਥਿਤ ਖਾਲਸਾ ਸਕੂਲ ਲਾਗੇ ਪਹੁੰਚੇ ਤਾਂ ਇਕ ਤੇਜ਼ ਰਫਤਾਰ ਟਿੱਪਰ ਨੇ ਉਨ੍ਹਾਂ ਨੂੰ ਕੁਚਲ ਦਿੱਤਾ । ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭਾਰਗੋ ਕੈਂਪ ਦੇ ਮੁਖੀ ਸਬ ਇੰਸਪੈਕਟਰ ਸੰਦੀਪ ਰਾਣੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੀ ਤੇ ਸੜਕ ਤੋਂ ਦੋਵਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ।ਮਿ੍ਰਤਕ ਦੇ ਜੀਜਾ ਮਹਿੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਉਨ੍ਹਾਂ ਦੇ ਸਾਲੇ ਦੀ ਧੀ ਦਾ ਵਿਆਹ ਸੀ। ਜਿਸ ਲਈ ਉਹ ਤਿੰਨੇ ਜਣੇ ਮਕਸੂਦਾਂ ਸਬਜ਼ੀ ਮੰਡੀ ਤੋਂ ਸਬਜ਼ੀ ਲੈਣ ਜਾ ਰਹੇ ਸਨ। ਉਹ ਆਪਣੇ ਮੋਟਰਸਾਈਕਲ ’ਤੇ ਅੱਗੇ ਨਿਕਲ ਗਿਆ, ਜਦਕਿ ਦੋਵੇਂ ਪਿਓ-ਪੁੱਤ ਪਿੱਛੇ ਰਹਿ ਗਏ। ਜਦ ਉਸ ਨੇ ਪਿਛਾਂਹ ਮੁੜ ਕੇ ਦੇਖਿਆ ਤਾਂ ਉਸ ਨੂੰ ਮੋਟਰਸਾਈਕਲ ’ਤੇ ਪਿੱਛੇ ਆ ਰਹੇ ਪਿਉ-ਪੁੱਤ ਦਿਖਾਈ ਨਹੀਂ ਦਿੱਤੇ । ਜਦ ਉਨ੍ਹਾਂ ਨੂੰ ਫੋਨ ਕੀਤਾ ਗਿਆ ਤਾਂ ਕਿਸੇ ਨੇ ਫੋਨ ਨਾ ਚੁੱਕਿਆ ਤਾਂ ਬਾਅਦ ਵਿੱਚ ਪਿੱਛੇ ਮੁੜ ਕੇ ਉਹ ਮੋਟਰਸਾਈਕਲ ’ਤੇ ਵਾਪਸ ਆ ਰਿਹਾ ਸੀ ਤਾਂ ਖਾਲਸਾ ਸਕੂਲ ਲਾਗੇ ਹੋਏ ਹਾਦਸੇ ਦਾ ਪਤਾ ਲੱਗਿਆ। ਜਿੱਦਾਂ ਹੀ ਉਸ ਨੇ ਇਸ ਹਾਦਸੇ ਬਾਰੇ ਪਿੰਡ ਦੱਸਿਆ ਤਾਂ ਖੁਸ਼ੀ ਮੌਕੇ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ।

LEAVE A REPLY

Please enter your comment!
Please enter your name here