ਅਹਿਮਦਾਬਾਦ : ਕਾਂਗਰਸ ਸਾਂਸਦ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਨੀਵਾਰ ਗੁਜਰਾਤ ਦੌਰੇ ’ਤੇ ਪਹੁੰਚੇ, ਜਿੱਥੇ ਉਨ੍ਹਾ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਅਤੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਇਆ। ਉਨ੍ਹਾ ਕਿਹਾ ਕਿ ਭਾਜਪਾ ਜਿਸ ਤਰ੍ਹਾਂ ਅਯੁੱਧਿਆ ’ਚ ਹਾਰੀ, ਉਸੇ ਤਰ੍ਹਾਂ ਹੀ ਗੁਜਰਾਤ ’ਚ ਹਾਰਨ ਵਾਲੀ ਹੈ। ਪ੍ਰਧਾਨ ਮੰਤਰੀ ’ਤੇ ਹਮਲਾ ਬੋਲਦੇ ਹੋਏ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਾਰਾਨਸੀ ’ਚ ਮੁਸ਼ਕਲ ਨਾਲ ਜਿੱਤੇ, ਅਯੁੱਧਿਆ ’ਚ ਤਾਂ ਹਾਰ ਜਾਂਦੇ। ਕਾਸ਼ੀ ’ਚ ਉਹ ਜਾਨ ਬਚਾ ਕੇ ਨਿਕਲੇ, ਉਥੇ ਉਹ ਸਿਰਫ਼ 1 ਲੱਖ ਵੋਟ ਨਾਲ ਜਿੱਤੇ। ਕਾਂਗਰਸ ਪਾਰਟੀ ਗੁਜਰਾਤ ’ਚ ਜਿੱਤੇਗੀ। ਉਨ੍ਹਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਭਾਜਪਾ ਨੇਤਾ ਲਾਲ �ਿਸ਼ਨ ਅਡਵਾਨੀ ਨੂੰ ਰੱਥ ਯਾਤਰਾ ’ਚ ਰੱਥ ’ਤੇ ਦੇਖਿਆ ਸੀ, ਮੋਦੀ ਨੇ ਮਦਦ ਕੀਤੀ ਸੀ ਇਹ ਕਿਹਾ ਜਾਂਦਾ ਹੈ। ਉਨ੍ਹਾ ਕਿਹਾ ਕਿ ਮੈਂ ਪਾਰਲੀਮੈਂਟ ’ਚ ਸੋਚ ਰਿਹਾ ਸੀ ਕਿ ਰਾਮ ਮੰਦਰ ਦੇ ਪ੍ਰੋਗਰਾਮ ’ਚ ਅਡਾਨੀ-ਅੰਬਾਨੀ ਦਿਖਾਈ ਦਿੱਤੇ, ਪਰ ਗਰੀਬ ਨਹੀਂ ਦਿਖਾਈ ਦਿੱਤੇ। ਭਾਜਪਾ ਦੀ ਰਾਜਨੀਤੀ ਅਯੁੱਧਿਆ ’ਤੇ ਕੇਂਦਰਤ ਸੀ, ਉਨ੍ਹਾਂ ਭਗਵਾਨ ਰਾਮ ਨੂੰ ਸਿਆਸੀ ਮੁੱਦਾ ਬਣਾਇਆ। ਮੈਂ ਅਯੁੱਧਿਆ ਦੇ ਸਾਂਸਦ ਤੋਂ ਇਹ ਪੁੱਛਿਆ ਕਿ ਇਹ ਕੀ ਹੋਇਆ? ਰਾਮ ਮੰਦਰ ਦੇ ਬਾਵਜੂਦ ‘ਇੰਡੀਆ’ ਗਠਜੋੜ ਅਯੁੱਧਿਆ ’ਚ ਜਿੱਤ ਗਿਆ।
ਰਾਹੁਲ ਨੇ ਕਿਹਾ ਕਿ ਉਨ੍ਹਾ (ਅਯੁੱਧਿਆ ਦੇ ਸਾਂਸਦ) ਮੈਨੂੰ ਕਿਹਾ ਕਿ ਮੈਨੂੰ ਪਤਾ ਸੀ ਕਿ ਮੈਂ ਅਯੁੱਧਿਆ ਤੋਂ ਲੜਾਂਗਾ ਅਤੇ ਜਿੱਤਾਂਗਾ। ਰਾਮ ਮੰਦਰ ਤੋਂ ਭਾਜਪਾ ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਕੀਤੀ, ਪਰ ਅਯੁੱਧਿਆ ’ਚ ਹਾਰ ਗਏ। ਰਾਹੁਲ ਨੇ ਕਿਹਾ ਕਿ ਮੈਨੂੰ ਦੱਸਿਆ ਗਿਆ ਕਿ ਅਯੁੱਧਿਆ ’ਚ ਮੰਦਰ ਬਣਾਉਣ ਲਈ ਬਹੁਤ ਸਾਰੇ ਲੋਕਾਂ ਤੋਂ ਜ਼ਮੀਨ ਲਈ ਗਈ, ਲੋਕਾਂ ਦੀਆਂ ਦੁਕਾਨਾਂ ਤੋੜੀਆਂ ਅਤੇ ਉਨ੍ਹਾਂ ਨੂੰ ਮੁਆਵਾਜ਼ਾ ਨਹੀਂ ਮਿਲਿਆ। ਅਯੁੱਧਿਆ ’ਚ ਇੰਟਰਨੈਸ਼ਨਲ ਏਅਰਪੋਰਟ ਬਣਿਆ, ਕਿਸਾਨਾਂ ਦੀਆਂ ਜ਼ਮੀਨਾਂ ਗਈਆਂ, ਸਹੀ ਮੁਆਵਾਜ਼ਾ ਨਹੀਂ ਮਿਲਿਆ। ਅਯੁੱਧਿਆ ਦੀ ਜਨਤਾ ਨੂੰ ਗੁੱਸਾ ਆਇਆ ਕਿ ਰਾਮ ਮੰਦਰ ਦੇ ਉਦਘਾਟਨ ’ਚ ਅਯੁੱਧਿਆ ਦਾ ਕੋਈ ਨਹੀਂ ਸੀ। ‘ਇੰਡੀਆ’ ਗਠਜੋੜ ਨੇ ਇਨ੍ਹਾ ਦੇ ਗੜ੍ਹ ’ਚ ਇਨ੍ਹਾਂ ਨੂੰ ਹਰਾ ਦਿੱਤਾ। ਸਪਾ ਦੇ ਨੇਤਾਵਾਂ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਥੇ ਸਾਡੇ ਵਰਕਰ ਸ਼ੇਰ ਬਣ ਕੇ ਖੜੇ ਸਨ, ਅਯੁੱਧਿਆ ’ਚ ਉਨ੍ਹਾਂ ਨੂੰ ਅਸੀਂ ਹਰਾਇਆ।
ਉਨ੍ਹਾ ਕਿਹਾ ਕਿ ਅਸੀਂ ਸਾਰੇ ਮਿਲ ਕੇ ਭਾਜਪਾ ਨੂੰ ਗੁਜਰਾਤ ’ਚ ਵੀ ਹਰਾਵਾਂਗੇ। ਅਸੀਂ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਗੁਜਰਾਤ ’ਚ ਉਸੇ ਤਰ੍ਹਾਂ ਹਰਾਵਾਂਗੇ, ਜਿਸ ਤਰ੍ਹਾਂ ਅਯੁੱਧਿਆ ’ਚ ਹਰਾਇਆ ਸੀ। ਮੈਂ ਤੁਹਾਨੂੰ ਕਹਿਣ ਆਇਆ ਹਾਂ ਕਿ ਭਾਜਪਾ ਨੇ ਸਾਡੇ ਦਫ਼ਤਰਾਂ ’ਤੇ ਹਮਲਾ ਕਰਵਾਇਆ, ਅਸੀਂ ਡਰਨਾ ਨਹੀਂ। ਇਨ੍ਹਾਂ ਨੇ ਸਾਨੂੰ ਚੈਲੰਜ ਦਿੱਤਾ ਹੈ। ਚੈਲੰਜ ਇਹ ਹੈ ਕਿ ਅਸੀਂ ਮਿਲ ਕੇ ਭਾਜਪਾ ਨੂੰ ਗੁਜਰਾਤ ’ਚ ਹਰਾਉਣਾ ਹੈ।



