ਦੇਹਰਾਦੂਨ : ਗੜ੍ਹਵਾਲ ਖੇਤਰ ਵਿਚ ਬਹੁਤ ਭਾਰੀ ਮੀਂਹ ਪੈਣ ਦੀ ਚਿਤਾਵਨੀ ਦੇ ਮੱਦੇਨਜ਼ਰ ਚਾਰ ਧਾਮ ਯਾਤਰਾ ਐਤਵਾਰ ਸਵੇਰ ਰੋਕ ਦਿੱਤੀ ਗਈ। ਮੌਸਮ ਵਿਭਾਗ ਨੇ ਉਤਰਾਖੰਡ ਵਿਚ 7 ਤੇ 8 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਯਾਤਰਾ ਆਰਜ਼ੀ ਤੌਰ ’ਤੇ ਰੋਕ ਦਿੱਤੀ ਹੈ। ਮੌਸਮ ਸਾਫ ਹੋਣ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਕਰਵਾਈ ਜਾਵੇਗੀ।
ਛੇ ਹੋਰ ਲਾਸ਼ਾਂ ਬਰਾਮਦ
ਸੂਰਤ : ਗੁਜਰਾਤ ਦੇ ਸੂਰਤ ਵਿਚ ਬੀਤੇ ਦਿਨੀਂ ਛੇ ਮੰਜ਼ਲਾ ਇਮਾਰਤ ਡਿੱਗਣ ਤੋਂ ਬਾਅਦ ਇਕ ਵਿਅਕਤੀ ਦੀ ਲਾਸ਼ ਮਿਲੀ ਸੀ, ਪਰ ਪੁਲਸ ਨੂੰ ਐਤਵਾਰ ਛੇ ਹੋਰ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਸ ਕਮਿਸ਼ਨਰ ਅਨੁਪਮ ਸਿੰਘ ਗਹਿਲੋਤ ਨੇ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ ਸਾਲ 2016-17 ਵਿਚ ਕੀਤੀ ਗਈ ਸੀ ਤੇ ਇਸ ਵੇਲੇ ਇਸ ਦੇ ਫਲੈਟਾਂ ਵਿਚ ਜ਼ਿਆਦਾਤਰ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਲੋਕ ਰਹਿੰਦੇ ਸਨ।
ਅਮਰੀਕਾ ’ਚ 4 ਮਾਰੇ, ਹਮਲਾਵਰ ਵੱਲੋਂ ਖੁਦਕੁਸ਼ੀ!
ਵਾਸ਼ਿੰਗਟਨ : ਕੈਨਟਕੀ ਸੂਬੇ ਵਿਚ ਫਲੋਰੈਂਸ ਸਿਨਸਿਨਾਟੀ ’ਚ ਇਕ ਘਰ ਵਿਚ ਜਨਮ ਦਿਨ ਦੇ ਜਸ਼ਨਾਂ ਦੌਰਾਨ ਗੋਲੀਬਾਰੀ ’ਚ ਚਾਰ ਜਣੇ ਮਾਰੇ ਗਏ। ਪੁਲਸ ਨੇ ਤਿੰਨ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ। ਇਸ ਦੌਰਾਨ ਇਕ ਵਿਅਕਤੀ ਵਲੋਂ ਖੁਦਕੁਸ਼ੀ ਕੀਤੀ ਗਈ ਤੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸ ਨੇ ਹੀ ਗੋਲੀਆਂ ਚਲਾਈਆਂ ਹਨ। ਫਲੋਰੈਂਸ ਸਿਨਸਿਨਾਟੀ ਓਹੀਓ ਤੋਂ ਲਗਭਗ 19 ਕਿਲੋਮੀਟਰ ਦੱਖਣ ’ਚ ਸਥਿਤ ਹੈ।
ਝਰਨੇ ’ਚ ਕਈ ਸੈਲਾਨੀ ਫਸੇ
ਪਣਜੀ : ਸਤਾਰੀ ਤਹਿਸੀਲ ਦੇ ਪਾਲੀ ਝਰਨੇ ਵਿਚ ਭਾਰੀ ਮੀਂਹ ਤੋਂ ਬਾਅਦ ਪਾਣੀ ਦਾ ਵਹਾਅ ਅਚਾਨਕ ਵਧ ਗਿਆ, ਜਿਸ ਕਾਰਨ ਵੱਡੀ ਗਿਣਤੀ ’ਚ ਸੈਲਾਨੀ ਫਸ ਗਏ। ਬਚਾਅ ਟੀਮਾਂ ਨੇ 50 ਲੋਕਾਂ ਨੂੰ ਬਚਾ ਲਿਆ ਸੀ, ਜਦਕਿ 30 ਹਾਲੇ ਵੀ ਫਸੇ ਹੋਏ ਸਨ। ਐਤਵਾਰ ਦਾ ਦਿਨ ਹੋਣ ਕਾਰਨ ਸਵੇਰੇ ਝਰਨੇ ਵੱਲ ਵੱਡੀ ਗਿਣਤੀ ’ਚ ਲੋਕਾਂ ਨੇ ਵਹੀਰਾਂ ਘੱਤੀਆਂ, ਪਰ ਭਾਰੀ ਮੀਂਹ ਦੌਰਾਨ ਝਰਨੇ ’ਤੇ ਪਾਣੀ ਦਾ ਵਹਾਅ ਅਚਾਨਕ ਵਧ ਗਿਆ।


