ਨਵੀਂ ਦਿੱਲੀ : ਸੁਪਰੀਮ ਕੋਰਟ ’ਚ ਸੋਮਵਾਰ ਨੀਟ ਮਾਮਲੇ ’ਤੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ 40 ਤੋਂ ਜ਼ਿਆਦਾ ਪਟੀਸ਼ਨਾਂ ’ਤੇ ਸੁਣਵਾਈ ਕੀਤੀ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਦੋ ਸਹੀ ਵਿਕਲਪਾਂ ਵਾਲੇ ਫਿਜ਼ਿਕਸ ਦੇ ਸਵਾਲ ਨੰਬਰ 19 ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪ੍ਰੀਖਿਆ ’ਚ ਦੋ ਸਹੀ ਵਿਕਲਪ ਦੇ ਕੇ 44 ਵਿਦਿਆਰਥੀਆਂ ਨੇ ਗਰੇਸ ਅੰਕ ਪ੍ਰਾਪਤ ਕੀਤੇ ਸਨ। ਬੈਂਚ ਨੇ ਕਿਹਾ ਕਿ ਇਸ ਮਾਮਲੇ ’ਤੇ ਆਈ ਆਈ ਟੀ ਦਿੱਲੀ ਦੇ ਮਾਹਰਾਂ ਦੀ ਰਾਇ ਲਈ ਜਾਵੇ। ਅਦਾਲਤ ਨੇ ਹੁਕਮ ਦਿੱਤਾ ਕਿ ਆਈ ਆਈ ਟੀ ਦਿੱਲੀ ਦੇ ਡਾਇਰੈਕਟਰ ਦੋ ਸਹੀ ਜਵਾਬਾਂ ਦੀ ਜਾਂਚ ਲਈ ਤਿੰਨ ਮੈਂਬਰਾਂ ਦੀ ਮਾਹਰ ਕਮੇਟੀ ਬਣਾਉਣ ਤੇ ਮਾਹਰਾਂ ਦੀ ਟੀਮ ਦੋਵਾਂ ਵਿੱਚੋਂ ਸਹੀ ਸਵਾਲ ਦੀ ਚੋਣ ਕਰ ਕੇ ਮੰਗਲਵਾਰ ਦੁਪਹਿਰ 12 ਵਜੇ ਤੱਕ ਰਜਿਸਟਰਾਰ ਨੂੰ ਆਪਣੀ ਰਾਇ ਭੇਜੇ। ਸੁੁਪਰੀਮ ਕੋਰਟ ਵਿਚ ਇਹ ਚੌਥੀ ਸੁਣਵਾਈ ਸੀ ਤੇ ਮੰਗਲਵਾਰ ਵੀ ਸੁਣਵਾਈ ਹੋਵੇਗੀ।


