ਸੰਸਦ ’ਚ ਮੈਨੂੰ ਚੁੱਪ ਕਰਾਉਣ ਦੀਆਂ ਕੋਸ਼ਿਸ਼ਾਂ ਹੋਈਆਂ : ਮੋਦੀ

0
229

ਨਵੀਂ ਦਿੱਲੀ : ਇਹ ਕਹਿੰਦਿਆਂ ਕਿ ਸੰਸਦ ‘ਦਲ’ ਲਈ ਨਹੀਂ, ਸਗੋਂ ‘ਦੇਸ਼’ ਲਈ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਆਪੋਜ਼ੀਸ਼ਨ ’ਤੇ ਵਰ੍ਹੇ ਤੇ ਕਿਹਾ ਕਿ ਕੁਝ ਪਾਰਟੀਆਂ ਨੇ ਨਕਾਰਾਤਮਕ ਸਿਆਸਤ ਕੀਤੀ ਹੈ ਤੇ ਆਪਣੀਆਂ ਨਾਕਾਮੀਆਂ ਲੁਕੋਣ ਲਈ ਸੰਸਦ ਦੀ ਦੁਰਵਰਤੋਂ ਕੀਤੀ ਹੈ। ਸੰਸਦ ਅਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਨੇ ਕਿਹਾ ਕਿ ਮੰਗਲਵਾਰ ਨੂੰ ਪੇਸ਼ ਹੋਣ ਵਾਲਾ ਕੇਂਦਰੀ ਬੱਜਟ ਅਗਲੇ ਪੰਜ ਸਾਲ ਦੇ ਸਫਰ ਦੀ ਦਿਸ਼ਾ ਤੈਅ ਕਰੇਗਾ ਅਤੇ 2047 ਤੱਕ ਵਿਕਸਤ ਭਾਰਤ ਦਾ ਸੁਫਨਾ ਪੂਰਾ ਕਰਨ ਦੀ ਬੁਨਿਆਦ ਰੱਖੇਗਾ।
ਮੋਦੀ ਨੂੰ ਲੋਕਾਂ ਨੇ ਲੋਕ ਸਭਾ ਚੋਣਾਂ ਵਿਚ ਆਪਣਾ ਫਤਵਾ ਦੇ ਦਿੱਤਾ ਹੈ ਤੇ ਹੁਣ ਵਿਰੋਧੀ ਪਾਰਟੀਆਂ 2029 ਦੀਆਂ ਅਗਲੀਆਂ ਚੋਣਾਂ ਤੱਕ ਸਿਆਸੀ ਇਕਜੁੱਟਤਾ ਦੀਆਂ ਆਪਣੀਆਂ ਖੇਡਾਂ ਨੂੰ ਰੋਕਣ ਅਤੇ ਉਦੋਂ ਤੱਕ ਦੇਸ਼ ਲਈ ਕੰਮ ਕਰਨ। ਉਨ੍ਹਾ ਕਿਹਾ-ਮੈਂ ਸਾਰੇ ਸਾਂਸਦਾਂ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਨੂੰ ਦੱਸਣਾ ਚਾਹੁੰਦਾ ਹਾਂ ਕਿ ਜਨਵਰੀ ਤੋਂ ਅਸੀਂ ਚੋਣ ਲੜਾਈ ਲੜੀ, ਅਸੀਂ ਲੋਕਾਂ ਨੂੰ ਦੱਸਿਆ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ, ਕੁਝ ਨੇ ਰਾਹ ਦਿਖਾਇਆ, ਜਦਕਿ ਹੋਰਨਾਂ ਨੇ ਗੰੁਮਰਾਹ ਕੀਤਾ, ਪਰ ਉਹ ਦੌਰ ਹੁਣ ਲੰਘ ਚੁੱਕਾ ਹੈ। ਲੋਕਾਂ ਨੇ ਆਪਣਾ ਫਤਵਾ ਦੇ ਦਿੱਤਾ ਹੈ। ਹੁਣ ਸਾਰੇ ਚੁਣੇ ਹੋਏ ਨੁਮਾਇੰਦਿਆਂ ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਹੈ ਕਿ ਅਗਲੇ ਪੰਜ ਸਾਲ ਅਸੀਂ ਰਾਜਨੀਤੀ ਤੋਂ ਉਪਰ ਉੱਠ ਕੇ ਦੇਸ਼ ਲਈ ਲੜੀਏ। ਜਦੋਂ ਜਨਵਰੀ 2029 ’ਚ ਚੋਣਾਂ ਹੋਣਗੀਆਂ ਤਾਂ ਤੁਸੀਂ ਜੋ ਖੇਡਾਂ ਚਾਹੋ ਖੇਡ ਸਕਦੇ ਹੋ, ਪਰ ਉਦੋਂ ਤੱਕ ਆਓ ਗਰੀਬਾਂ, ਔਰਤਾਂ, ਕਿਸਾਨਾਂ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਕੰਮ ਕਰੀਏ, ਇੱਕ ਲੋਕ ਮੁਹਿੰਮ ਚਲਾਈਏ ਅਤੇ 2047 ਤੱਕ ਵਿਕਸਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰੀਏ।
ਮੋਦੀ ਨੇ ਅੱਗੇ ਕਿਹਾ-ਮੈਂ ਦੁਖੀ ਹਿਰਦੇ ਨਾਲ ਕਹਿ ਰਿਹਾ ਹਾਂ ਕਿ 2014 ਤੋਂ ਬਾਅਦ ਕੁਝ ਸਾਂਸਦ ਪੰਜ ਸਾਲ ਲਈ ਤੇ ਕੁਝ 10 ਸਾਲ ਲਈ ਚੁਣੇ ਗਏ ਪਰ ਕੁਝ ਪਾਰਟੀਆਂ ਦੀ ਨਾਂਹਪੱਖੀ ਸਿਆਸਤ ਕਾਰਨ ਉਹ ਸੰਸਦ ਵਿਚ ਆਪਣੇ ਹਲਕੇ ਬਾਰੇ ਬੋਲ ਨਹੀਂ ਸਕੇ।
ਉਨ੍ਹਾ ਕਿਹਾਤੁਸੀਂ ਇਸ ਲੋਕ ਸਭਾ ਦੇ ਪਹਿਲੇ ਸੈਸ਼ਨ ਵਿਚ ਦੇਖਿਆ ਹੋਵੇਗਾ ਕਿ 140 ਕਰੋੜ ਭਾਰਤੀਆਂ ਨੇ ਜਿਹੜੀ ਸਰਕਾਰ ਦੇ ਹੱਕ ਵਿਚ ਫੈਸਲਾ ਦਿੱਤਾ, ਉਸ ਦੀ ਆਵਾਜ਼ ਦਬਾਉਣ ਦੀ ਗੈਰਜਮਹੂਰੀ ਕੋਸ਼ਿਸ਼ ਕੀਤੀ ਗਈ। ਪ੍ਰਧਾਨ ਮੰਤਰੀ ਨੂੰ ਚੁੱਪ ਕਰਾਉਣ ਲਈ ਢਾਈ ਘੰਟੇ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਦੀ ਜਮਹੂਰੀ ਰਵਾਇਤਾਂ ਵਿਚ ਕੋਈ ਥਾਂ ਨਹੀਂ। ਉਨ੍ਹਾਂ ਨੂੰ ਇਸ ਦਾ ਕੋਈ ਪਛਤਾਵਾ ਨਹੀਂ।
ਮੋਦੀ ਨੇ ਇਹ ਟਿੱਪਣੀਆਂ ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਕਰਦੇ ਮਤੇ ਉਤੇ ਬਹਿਸ ਤੋਂ ਬਾਅਦ ਉਨ੍ਹਾਂ ਵੱਲੋਂ ਦਿੱਤੇ ਜਾ ਰਹੇ ਜਵਾਬ ਦੌਰਾਨ ਹੰਗਾਮੇ ਦੇ ਸੰਦਰਭ ਵਿਚ ਕੀਤੀਆਂ ਹਨ। ਉਦੋਂ ਆਪੋਜ਼ੀਸ਼ਨ ਮੈਂਬਰਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਸੀ ਕਿ ਮਣੀਪੁਰ ਦੇ ਚੁਣੇ ਹੋਏ ਦੋਹਾਂ ਨੁਮਾਇੰਦਿਆਂ ਨੂੰ ਬੋਲਣ ਦੀ ਆਗਿਆ ਦਿੱਤੀ ਜਾਵੇ।

LEAVE A REPLY

Please enter your comment!
Please enter your name here