ਦਰਾਸ (ਕਾਰਗਿਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਕਾਰਗਿਲ ਵਿਜੈ ਦਿਵਸ ਦੀ 25ਵੀਂ ਵਰ੍ਹੇਗੰਢ ’ਤੇ ਕੀਤੇ ਗਏ ਸਮਾਗਮ ’ਚ ਵਿਰੋਧੀਆਂ ’ਤੇ ਵਰ੍ਹਦਿਆਂ ਕਿਹਾ ਕਿ ਅਗਨੀਪਥ ਯੋਜਨਾ ਦਾ ਉਦੇਸ਼ ਫੌਜ ਨੂੰ ਯੁੱਧ ਲਈ ਲਗਾਤਾਰ ਫਿੱਟ ਰੱਖਣਾ ਹੈ, ਪਰ ਕੁਝ ਲੋਕ ਕੌਮੀ ਸੁਰੱਖਿਆ ਨਾਲ ਜੁੜੇ ਸੰਵੇਦਨਸ਼ੀਲ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ ਅਤੇ ਇਸ ਯੋਜਨਾ ਬਾਰੇ ਲੋਕਾਂ ਨੂੰ ਗੰੁਮਰਾਹ ਕਰ ਰਹੇ ਹਨ। ਉਨ੍ਹਾ ਕਿਹਾ ਕਿ ਦਹਾਕਿਆਂ ਤੋਂ ਹਥਿਆਰਬੰਦ ਬਲਾਂ ਨੂੰ ਫਿੱਟ ਰੱਖਣ ਤੇ ਹਰ ਪੱਖੋਂ ਲੈਸ ਕਰਨ ਲਈ ਸੰਸਦ ਅਤੇ ਵੱਖ-ਵੱਖ ਕਮੇਟੀਆਂ ’ਚ ਵਿਚਾਰ-ਵਟਾਂਦਰਾ ਹੁੰਦਾ ਰਿਹਾ ਹੈ। ਸਰਕਾਰ ਵੱਲੋਂ ਇਸ ਯੋਜਨਾ ਨੂੰ ਲਾਗੂ ਕਰਨ ਤੋਂ ਬਾਅਦ ਵਿਰੋਧੀ ਇਸ ਬਾਰੇ ਭਰਮ-ਭੁਲੇਖੇ ਪੈਦਾ ਕਰ ਰਹੇ ਹਨ।
ਕਾਰਗਿਲ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਉਨ੍ਹਾ ਕਿਹਾ ਕਿ ਗੁਆਂਢੀ ਦੇਸ਼ ਨੇ ਕਈ ਵਾਰ ਭਾਰਤ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਰ ਵਾਰ ਉਸ ਨੂੰ ਮੂੰਹ ਦੀ ਖਾਣੀ ਪਈ। ਪਾਕਿਸਤਾਨ ਦੇ ਨਾਪਾਕ ਮਨਸੂਬੇ ਕਦੀ ਵੀ ਸਫਲ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾ ਦੇਸ਼ ਲਈ ਜਾਨਾਂ ਵਾਰਨ ਵਾਲੇ ਜਵਾਨਾਂ ਦੇ ਪਰਵਾਰਾਂ ਨਾਲ ਡਟ ਕੇ ਖੜਨ ਦਾ ਅਹਿਦ ਦੁਹਰਾਇਆ। ਉਨ੍ਹਾ ਕਿਹਾ ਕਿ ਦੇਸ਼ ਲਈ ਕੀਤੀਆਂ ਕੁਰਬਾਨੀਆਂ ਅਮਰ ਹਨ। ਦੇਸ਼ ਸਾਡੀਆਂ ਹਥਿਆਰਬੰਦ ਸੈਨਾਵਾਂ ਦੇ ਬਹਾਦਰੀ ਭਰੇ ਯਤਨਾਂ ਅਤੇ ਕੁਰਬਾਨੀਆਂ ਦਾ ਸਨਮਾਨ ਕਰਦਾ ਹੈ ਅਤੇ ਅਸੀਂ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਾਂ।


