ਬੇਂਗਲੁਰੂ : ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮਈਆ ਨੇ ਸੋਮਵਾਰ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ (ਮੁਡਾ) ਮਾਮਲੇ ਵਿਚ ਉਨ੍ਹਾ ਖਿਲਾਫ ਰਾਜਪਾਲ ਥਾਵਰਚੰਦ ਗਹਿਲੋਤ ਵੱਲੋਂ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇਣ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਆਦੇਸ਼ ਮੰਤਰੀ ਮੰਡਲ ਦੀ ਸਲਾਹ ਸਮੇਤ ਭਾਰਤ ਦੇ ਸੰਵਿਧਾਨ ਦੀ ਧਾਰਾ 163 ਅਧੀਨ ਲਾਗੂ ਸੰਵਿਧਾਨਕ ਸਿਧਾਂਤਾਂ ਦੇ ਉਲਟ ਹਨ ਤੇ ਬਿਨਾਂ ਵਿਚਾਰ ਕੀਤੇ ਜਾਰੀ ਕੀਤੇ ਗਏ ਹਨ। ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਲਈ 29 ਅਗਸਤ ਦੀ ਤਰੀਕ ਤੈਅ ਕੀਤੀ ਹੈ ਤੇ ਉਦੋਂ ਤੱਕ ਸਿੱਧਾਰਮਈਆ ਖਿਲਾਫ ਕਾਰਵਾਈ ’ਤੇ ਰੋਕ ਲਾ ਦਿੱਤੀ ਹੈ।
ਛੇ ਕਿੱਲੋ ਸੋਨਾ ਛੱਡ ਕੇ ਭੱਜ ਗਿਆ
ਨਾਦੀਆ : ਭਾਰਤ-ਬੰਗਲਾਦੇਸ਼ ਸਰਹੱਦ ’ਤੇ ਸੋਮਵਾਰ 6 ਕਿੱਲੋ ਤਸਕਰੀ ਵਾਲਾ ਸੋਨਾ ਲੈ ਕੇ ਜਾ ਰਹੇ ਇਕ ਵਿਅਕਤੀ ਨੇ ਬੀ ਐੱਸ ਐੱਫ ਜਵਾਨ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਜਵਾਨ ਵਾਲ-ਵਾਲ ਬਚ ਗਿਆ, ਜਦਕਿ ਤਸਕਰ ਸੋਨਾ ਛੱਡ ਕੇ ਭੱਜ ਗਿਆ। ਘਟਨਾ ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਦੇ ਵਿਜੈਪੁਰ ’ਚ ਕੇਲੇ ਅਤੇ ਬਾਂਸ ਦੇ ਬਾਗ ਦੇ ਨੇੜੇ ਸਵੇਰੇ 9 ਵਜੇ ਦੇ ਕਰੀਬ ਵਾਪਰੀ। ਤਸਕਰ ਲੱਕ ਦੁਆਲੇ ਬੰਨ੍ਹੀ ਬੈਲਟ ’ਚ 22 ਸੋਨੇ ਦੇ ਬਿਸਕੁਟ ਅਤੇ ਛੇ ਕਿੱਲੋ ਵਜ਼ਨ ਦੀਆਂ ਅੱਠ ਛੜਾਂ ਲੈ ਕੇ ਜਾ ਰਿਹਾ ਸੀ। ਜਵਾਨ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਚਾਕੂ ਨਾਲ ਹਮਲਾ ਕਰ ਦਿੱਤਾ।
ਜਨਰਲ ਪੈਡੀ ਦਾ ਦੇਹਾਂਤ
ਚੇਨਈ : ਥਲ ਸੈਨਾ ਦੇ ਸਾਬਕਾ ਮੁਖੀ ਜਨਰਲ ਸੁੰਦਰਰਾਜਨ ਪਦਮਨਾਭਨ ਦਾ ਇਥੇ 83 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਜਨਰਲ ਪਦਮਨਾਭਨ ਨੂੰ ‘ਪੈਡੀ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾ 30 ਸਤੰਬਰ 2000 ਤੋਂ 31 ਦਸੰਬਰ 2002 ਤੱਕ ਥਲ ਸੈਨਾ ਮੁਖੀ ਵਜੋਂ ਸੇਵਾ ਕੀਤੀ।
ਚੀਨੀ ਤੇ ਫਿਲਪਾਈਨੀ ਜਹਾਜ਼ ਟਕਰਾਏ
ਤਾਇਪੇ : ਚੀਨ ਅਤੇ ਫਿਲਪੀਨਜ਼ ਦੇ ਤੱਟ ਰੱਖਿਅਕ ਜਹਾਜ਼ ਸੋਮਵਾਰ ਸਬੀਨਾ ਸੋਲ ਨਾਮਕ ਖੇਤਰ ਦੇ ਨੇੜੇ ਸਮੁੰਦਰ ’ਚ ਟਕਰਾਅ ਗਏ। ਸਬੀਨਾ ਸੋਲ ਦੱਖਣੀ ਚੀਨ ਸਾਗਰ ’ਚ ਪੈਣ ਵਾਲੇ ਦੇਸ਼ਾਂ ਦਰਮਿਆਨ ਚਿੰਤਾਜਨਕ ਤੌਰ ’ਤੇ ਵਧ ਰਹੇ ਖੇਤਰੀ ਵਿਵਾਦ ਦੇ ਨਵੇਂ ਕੇਂਦਰ ਵਜੋਂ ਉੱਭਰ ਰਿਹਾ ਹੈ। ਸਪ੍ਰੈਟਲੀ ਟਾਪੂ ਦੇ ਵਿਵਾਦਤ ਖੇਤਰ ਸਬੀਨਾ ਸੋਲ ਨੇੜੇ ਹੋਈ ਇਸ ਟੱਕਰ ਲਈ ਦੋਵਾਂ ਦੇਸ਼ਾਂ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਵੀਅਤਨਾਮ ਅਤੇ ਤਾਇਵਾਨ ਵੀ ਸਪ੍ਰੈਟਲੀ ਟਾਪੂਆਂ ’ਤੇ ਦਾਅਵਾ ਕਰਦੇ ਹਨ।
ਹਸੀਨਾ ’ਤੇ ਇਕ ਹੋਰ ਮਾਮਲਾ
ਢਾਕਾ : ਬੰਗਲਾਦੇਸ਼ ’ਚ ਵਿਵਾਦਤ ਰਾਖਵਾਂਕਰਨ ਪ੍ਰਣਾਲੀ ਖਿਲਾਫ ਅੰਦੋਲਨ ਦੌਰਾਨ ਮੱਛੀ ਵਪਾਰੀ ਦੀ ਮੌਤ ਦੇ ਸੰਬੰਧ ’ਚ ਬੇਦਖਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਉਨ੍ਹਾ ਦੀ ਸਰਕਾਰ ਦੇ ਸਾਬਕਾ ਮੰਤਰੀਆਂ ਸਮੇਤ 62 ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਹਸੀਨਾ (76) ਖਿਲਾਫ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਦਰਜ ਕੀਤੇ ਗਏ ਹਨ, ਜੋ ਅਸਤੀਫਾ ਦੇਣ ਤੋਂ ਬਾਅਦ 5 ਅਗਸਤ ਨੂੰ ਭਾਰਤ ਆ ਗਈ ਸੀ। ਨਵਾਂ ਮਾਮਲਾ ਮੁਹੰਮਦ ਮਿਲਨ ਦੀ ਪਤਨੀ ਸ਼ਹਿਨਾਜ਼ ਬੇਗਮ ਨੇ ਦਰਜ ਕਰਵਾਇਆ ਹੈ। ਮਿਲਨ ਨੂੰ 21 ਜੁਲਾਈ ਨੂੰ ਮੱਛੀ ਬਾਜ਼ਾਰ ਤੋਂ ਘਰ ਪਰਤਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ।




