ਚੰਡੀਗੜ੍ਹ : ਹਰਿਆਣਾ ਦੇ ਰੋਹਤਕ ਸਥਿਤ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪੀ ਜੀ ਆਈ ਐੱਮ ਐੱਸ) ਦੀ ਬੀ ਡੀ ਐੱਸ ਦੀ ਵਿਦਿਆਰਥਣ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਅਗਵਾ ਕਰਕੇ ਕੁੱਟਮਾਰ ਕੀਤੀ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਪਹਿਲੇ ਸਾਲ ਦੀ ਵਿਦਿਆਰਥਣ ਨੇ ਐਤਵਾਰ ਰਾਤ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਐੱਮ ਡੀ (ਐਨਾਟੋਮੀ) ਕਰ ਰਹੇ ਡਾਕਟਰ ਨੇ ਅਗਵਾ ਕੀਤਾ ਅਤੇ ਕੁੱਟਮਾਰ ਕੀਤੀ। ਪੀ ਜੀ ਆਈ ਐੱਮ ਐੱਸ ਨੇ ਮੁਲਜ਼ਮ ਡਾਕਟਰ ਨੂੰ ਬਾਹਰ ਕੱਢ ਦਿੱਤਾ ਹੈ ਅਤੇ ਉਸ ਨੂੰ ਕਾਲਜ ਕੰਪਲੈਕਸ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ। ਸ਼ਿਕਾਇਤ ਅਨੁਸਾਰ ਮੁਲਜ਼ਮ ਵਿਦਿਆਰਥਣ ਨੂੰ ਪੀ ਜੀ ਆਈ ਐੱਮ ਐੱਸ ਤੋਂ ਅਗਵਾ ਕਰਕੇ ਅੰਬਾਲਾ ਅਤੇ ਚੰਡੀਗੜ੍ਹ ਲੈ ਗਿਆ, ਜਿੱਥੇ ਉਸ ਦੀ ਕੁੱਟਮਾਰ ਕੀਤੀ। ਪੁਲਸ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ’ਚ ਜਿਨਸੀ ਸ਼ੋਸ਼ਣ ਜਾਂ ਬਲਾਤਕਾਰ ਦਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਹੈ। ਵੀਡੀਓ ’ਚ ਕੁੜੀ ਨੇ ਦਾਅਵਾ ਕੀਤਾ ਕਿ ਰੈਜ਼ੀਡੈਂਟ ਡਾਕਟਰ 7 ਮਹੀਨਿਆਂ ਤੋਂ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਮੁਲਜ਼ਮ ਡਾਕਟਰ ਅਤੇ ਪੀੜਤਾ ਕਈ ਮਹੀਨਿਆਂ ਤੋਂ ਇੱਕ-ਦੂਜੇ ਨੂੰ ਜਾਣਦੇ ਹਨ।




