ਮੁਰਾਦਾਬਾਦ (ਯੂ ਪੀ) : ਦਲਿਤ ਨਰਸ ਨੂੰ ਨਿੱਜੀ ਹਸਪਤਾਲ ’ਚ ਬੰਦੀ ਬਣਾ ਕੇ ਡਾਕਟਰ ਨੇ ਕਥਿਤ ਤੌਰ ’ਤੇ ਬਲਾਤਕਾਰ ਕੀਤਾ। ਪੀੜਤਾ ਦੇ ਪਿਤਾ ਦੀ ਸ਼ਿਕਾਇਤ ਮੁਤਾਬਕ ਘਟਨਾ ਐਤਵਾਰ ਅੱਧੀ ਰਾਤ ਦੇ ਕਰੀਬ ਵਾਪਰੀ। ਐੱਸ ਪੀ (ਦਿਹਾਤੀ) ਸੰਦੀਪ ਕੁਮਾਰ ਮੀਣਾ ਨੇ ਦੱਸਿਆ ਕਿ ਪੀੜਤਾ (20) ਸ਼ਨੀਵਾਰ ਸ਼ਾਮ 7 ਵਜੇ ਆਪਣੀ ਡਿਊਟੀ ਲਈ ਹਸਪਤਾਲ ਗਈ ਸੀ। ਉਹ ਪਿਛਲੇ ਸੱਤ ਮਹੀਨਿਆਂ ਤੋਂ ਉੱਥੇ ਕੰਮ ਕਰ ਰਹੀ ਸੀ। ਦੇਰ ਰਾਤ ਇਕ ਹੋਰ ਨਰਸ ਮਹਿਨਾਜ਼ ਨੇ ਉਸ ਨੂੰ ਡਾ. ਸ਼ਾਹਨਵਾਜ਼ ਦੇ ਕਮਰੇ ’ਚ ਮਿਲਣ ਲਈ ਕਿਹਾ। ਜਦੋਂ ਪੀੜਤਾ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਮਹਿਨਾਜ਼ ਅਤੇ ਵਾਰਡ ਬੁਆਏ ਜੁਨੈਦ ਉਸ ਨੂੰ ਜ਼ਬਰਦਸਤੀ ਹਸਪਤਾਲ ਦੀ ਉਪਰਲੀ ਮੰਜ਼ਲ ’ਤੇ ਕਮਰੇ ’ਚ ਲੈ ਗਏ ਅਤੇ ਬਾਹਰੋਂ ਤਾਲਾ ਲਗਾ ਦਿੱਤਾ। ਬਾਅਦ ਵਿਚ ਡਾਕਟਰ ਸ਼ਾਹਨਵਾਜ ਕਮਰੇ ਵਿਚ ਦਾਖਲ ਹੋਇਆ ਅਤੇ ਉਸ ਨਾਲ ਬਲਾਤਕਾਰ ਕੀਤਾ। ਉਸ ਨੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਜਾਤੀ ਸੂਚਕ ਗਾਲਾਂ ਵੀ ਦਿੱਤੀਆਂ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਹੈ, ਜਦਕਿ ਚੀਫ ਮੈਡੀਕਲ ਅਫਸਰ ਡਾਕਟਰ ਕੁਲਦੀਪ ਸਿੰਘ ਦੀਆਂ ਹਦਾਇਤਾਂ ’ਤੇ ਐਤਵਾਰ ਸ਼ਾਮ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਨਿਰੀਖਣ ਕਰਨ ਮਗਰੋਂ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ।




