ਨਵੀਂ ਦਿੱਲੀ : ਬੀ ਐੱਸ ਐੱਫ ਨੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ ਵਿਚ ਸਰਹੱਦ ਪਾਰੋਂ ਡਰੋਨਾਂ ਨਾਲ ਹੁੰਦੀ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਅਤੇ ਘੁਸਪੈਠ ਨੂੰ ਨੱਥ ਪਾਉਣ ਲਈ ਇਕ ਹੋਰ ਬਟਾਲੀਅਨ ਦੀ ਤਾਇਨਾਤੀ ਦੀ ਮੰਗ ਕੀਤੀ ਹੈ।
ਬੀ ਐੱਸ ਐੱਫ ਕੋਲ 500 ਕਿਲੋਮੀਟਰ ਲੰਮੀ ਸਰਹੱਦ ਦੀ ਰਾਖੀ ਲਈ ਇਸ ਵੇਲੇ ਕਰੀਬ 20 ਬਟਾਲੀਅਨਾਂ ਹਨ। ਇਨ੍ਹਾਂ ਵਿੱਚੋਂ 18 ਬਟਾਲੀਅਨਾਂ ਸਰਹੱਦ ’ਤੇ ਸਰਗਰਮੀ ਨਾਲ ਤਾਇਨਾਤ ਹਨ, ਜਦੋਂਕਿ ਬਾਕੀ ਬਚਦੀਆਂ ਦੋ ਬਟਾਲੀਅਨਾਂ ਅੰਮਿ੍ਰਤਸਰ ਵਿਚ ਅਟਾਰੀ ਇੰਟੈਗਰੇਟਿਡ ਚੈੱਕ ਪੋਸਟ ਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਲਾਂਘੇ ’ਤੇ ਲੋੜ ਮੁਤਾਬਕ ਤਾਇਨਾਤ ਹਨ। ਡਰੋਨਾਂ ਜ਼ਰੀਏ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ 2019-20 ਵਿਚ ਮੁੱਖ ਤੌਰ ’ਤੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਅੰਮਿ੍ਰਤਸਰ ਤੇ ਤਰਨ ਤਾਰਨ ਸਰਹੱਦੀ ਜ਼ਿਲ੍ਹਿਆਂ ਤੋਂ ਸ਼ੁਰੂ ਹੋਈ ਸੀ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੀ ਸਰਹੱਦ ਨੂੰ ਬਿਹਤਰ ਤਰੀਕੇ ਨਾਲ ਸੁਰੱਖਿਅਤ ਬਣਾਉਣ ਲਈ ਬੀ ਐੱਸ ਐੱਫ ਦੀ ਇਕ ਹੋਰ ਬਟਾਲੀਅਨ ਮੰਗੀ ਗਈ ਹੈ। ਇਸ ’ਤੇ ਕੇਂਦਰੀ ਗ੍ਰਹਿ ਮੰਤਰਾਲਾ ਵਿਚਾਰ ਕਰ ਰਿਹਾ ਹੈ। ਬੀ ਐੱਸ ਐੱਫ ਦੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਅਤੁਲ ਫੁਲਜੇਲੇ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਪਾਕਿਸਤਾਨ ਸਰਹੱਦ ਵਾਲੇ ਪਾਸਿਓਂ ਪੰਜਾਬ ਵਿਚ ਆਉਂਦਾ ਨਸ਼ਾ ਹੁਣ ਜ਼ਮੀਨੀ ਰੂਟ ਦੀ ਥਾਂ ਡਰੋਨਾਂ ਜ਼ਰੀਏ ਆਉਂਦਾ ਹੈ। ਸੁਰੱਖਿਆ ਏਜੰਸੀਆਂ ਨੇ ਇਸ ਸਾਲ ਹੁਣ ਤੱਕ 120 ਤੋਂ ਵੱਧ ਡਰੋਨ ਬਰਾਮਦ ਕੀਤੇ ਹਨ, ਜਦੋਂਕਿ ਪਿਛਲੇ ਸਾਲ ਇਹ ਅੰਕੜਾ 107 ਸੀ।




