ਅੰਮਿ੍ਰਤਸਰ : ਪੁਲਸ ਨੇ ਐੱਨ ਆਰ ਆਈ ਸੁਖਚੈਨ ਸਿੰਘ ਸ਼ੂਟਿੰਗ ਕੇਸ ਵਿਚ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ, ਹਾਲਾਂਕਿ ਗੋਲੀ ਚਲਾਉਣ ਵਾਲੇ ਹੱਥ ਨਹੀਂ ਲੱਗੇ। ਗਿ੍ਰਫਤਾਰ ਕੀਤੇ ਵਿਅਕਤੀਆਂ ਵਿਚ ਸੁਖਚੈਨ ਸਿੰਘ ਦਾ ਸਹੁਰਾ ਸਰਵਣ ਸਿੰਘ ਵਾਸੀ ਟਾਂਡਾ (ਹੁਸ਼ਿਆਰਪੁਰ) ਵੀ ਸ਼ਾਮਲ ਹੈ। ਸਰਵਣ ਸਿੰਘ ਸੁਖਚੈਨ ਦੀ ਪਹਿਲੀ ਪਤਨੀ ਦਾ ਪਿਤਾ ਹੈ। ਕਾਬੂ ਕੀਤੇ ਗਏ ਹੋਰਨਾਂ ’ਚ ਜਗਜੀਤ ਸਿੰਘ ਤੇ ਚਮਕੌਰ ਸਿੰਘ ਦੋਵੇਂ ਵਾਸੀ ਪਿੰਡ ਠੱਠਾ (ਤਰਨ ਤਾਰਨ), ਹੋਟਲ ਮਾਲਕ ਦਿਗਾਂਬਰ ਅਤਰੀ ਤੇ ਹੋਟਲ ਮੈਨੇਜਰ ਅਭਿਲਾਸ਼ ਭਾਸਕਰ ਵਾਸੀ ਕਟੜਾ ਆਹਲੂਵਾਲੀਆ ਹਨ।
ਪੁਲਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਮੀਡੀਆ ਨੂੰ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਦੋਵਾਂ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ, ਜਦੋਂਕਿ ਹੋਟਲ ਮਾਲਕ ਤੇ ਮੈਨੇਜਰ ਨੂੰ ਇਸ ਲਈ ਕਾਬੂ ਕੀਤਾ ਗਿਆ, ਕਿਉਂਕਿ ਉਨ੍ਹਾਂ ਬਿਨਾਂ ਕੋਈ ਆਈ ਡੀ ਪਰੂਫ ਲਿਆਂ ਸ਼ੂਟਰਾਂ ਨੂੰ ਰੂਮ ਦਿੱਤੇ ਸਨ। ਜਗਜੀਤ ਤੇ ਚਮਕੌਰ ਸ਼ੂਟਰਾਂ ਨੂੰ ਜਾਣਦੇ ਸਨ ਤੇ ਉਨ੍ਹਾਂ ਦੋਵਾਂ ਨੂੰ ਤਰਨ ਤਾਰਨ ਇਲਾਕੇ ਵਿਚ ਪਨਾਹ ਦਿੱਤੀ ਸੀ। ਗੋਲੀਆਂ ਚਲਾਉਣ ਵਾਲੇ ਦੋਵਾਂ ਮਸ਼ਕੂਕਾਂ ਦੀ ਪਛਾਣ ਹੋ ਗਈ ਹੈ ਤੇ ਉਨ੍ਹਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਇਕ ਮਸ਼ਕੂਕ ਖਿਲਾਫ ਕਤਲ, ਚੋਰੀ, ਲੁੱਟ-ਖੋਹ ਤੇ ਐੱਨ ਡੀ ਪੀ ਐੱਸ ਕੇਸਾਂ ਸਣੇ 10 ਫੌਜਦਾਰੀ ਕੇਸ ਦਰਜ ਹਨ। ਇਕ ਮਸ਼ਕੂਕ ਫਰਵਰੀ ਵਿਚ ਕਪੂਰਥਲਾ ਜੇਲ੍ਹ ’ਚੋਂ ਜ਼ਮਾਨਤ ’ਤੇ ਬਾਹਰ ਆਇਆ ਸੀ, ਜਦੋਂਕਿ ਉਸ ਦਾ ਸਾਥੀ, ਜਿਸ ਖਿਲਾਫ ਐੱਨ ਡੀ ਪੀ ਐੱਸ ਦੇ ਕੇਸ ਦਰਜ ਹਨ, ਪਿਛਲੇ ਸਾਲ ਸਤੰਬਰ ਵਿਚ ਇਸੇ ਜੇਲ੍ਹ ’ਚੋਂ ਛੁੱਟਿਆ ਸੀ।
ਇਸ ਤੋਂ ਪਹਿਲਾਂ ਪੁਲਸ ਨੇ ਅਮਰੀਕਾ ਅਧਾਰਤ ਤਿੰਨ ਐੱਨ ਆਰ ਆਈ’ਜ਼-ਸੁਖਚੈਨ ਸਿੰਘ ਦੇ ਸਾਲੇ ਸੁੁਖਵਿੰਦਰ ਸਿੰਘ, ਸਾਲੀ ਕੁਲਜਿੰਦਰ ਕੌਰ ਤੇ ਉਸ ਦੇ ਪਤੀ ਜਸਵੀਰ ਸਿੰਘ ਤੇ ਸੱਸ ਨਿਸ਼ਾਨ ਕੌਰ ਖਿਲਾਫ ਕੇਸ ਦਰਜ ਕੀਤਾ ਸੀ। ਦੋ ਹਥਿਆਰਬੰਦ ਹਮਲਾਵਰਾਂ ਨੇ ਸਨਿੱਚਰਵਾਰ ਐੱਨ ਆਰ ਆਈ ਸੁਖਚੈਨ ਸਿੰਘ ਦੇ ਦਬੁਰਜੀ ਸਥਿਤ ਘਰ ਵਿਚ ਦਾਖਲ ਹੋ ਕੇ ਉਸ ਨੂੰ ਉਹਦੇ ਪਰਵਾਰਕ ਮੈਂਬਰਾਂ ਸਾਹਮਣੇ ਗੋਲੀਆਂ ਮਾਰੀਆਂ ਸਨ। ਇਸ ਦੌਰਾਨ ਗੋਲੀਆਂ ਚਲਾਉਂਦੇ ਹਮਲਾਵਰਾਂ ਦੇ ਪਿਸਤੌਲ ਫਸ ਗਏ ਤੇ ਉਹ ਉਥੋਂ ਫਰਾਰ ਹੋ ਗਏ। ਸੁਖਚੈਨ ਦੇ ਦੋ ਗੋਲੀਆਂ ਲੱਗੀਆਂ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।




