ਨਵੀਂ ਦਿੱਲੀ : ਆਬਕਾਰੀ ਨੀਤੀ ’ਚ ਕਥਿਤ ਘਪਲੇ ਨਾਲ ਸੰਬੰਧਤ ਸੀ ਬੀ ਆਈ ਮਾਮਲੇ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ’ਤੇ ਸੁਪਰੀਮ ਕੋਰਟ 13 ਸਤੰਬਰ ਨੂੰ ਫੈਸਲਾ ਸੁਣਾਏਗੀ।
ਭਾਰਤ ਦੀ ਲਗਾਤਾਰ ਚੌਥੀ ਜਿੱਤ, ਦੱਖਣੀ ਕੋਰੀਆ ਨੂੰ 3-1 ਨਾਲ ਹਰਾਇਆ
ਹੁਲੁਨਬੂਈਰ (ਚੀਨ) : ਭਾਰਤ ਨੇ ਵੀਰਵਾਰ ਇੱਥੇ ਹੀਰੋ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ’ਚ ਦੱਖਣੀ ਕੋਰੀਆ ਨੂੰ 3-1 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ। ਪੈਰਿਸ ਉਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਨੇ ਪਿਛਲੇ ਤਿੰਨ ਮੈਚਾਂ ’ਚ ਚੀਨ ਨੂੰ 3-0, ਜਾਪਾਨ ਨੂੰ 5-0 ਅਤੇ ਪਿਛਲੇ ਸਾਲ ਦੇ ਰਨਰਜ਼ਅੱਪ ਮਲੇਸ਼ੀਆ ਨੂੰ 8-1 ਨਾਲ ਹਰਾਇਆ ਸੀ। ਚੌਥੇ ਮੈਚ ’ਚ ਅਰਾਈਜੀਤ ਸਿੰਘ ਹੁੰਦਲ ਨੇ 8ਵੇਂ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ 9ਵੇਂ ਤੇ 43ਵੇਂ ਮਿੰਟ ’ਚ ਗੋਲ ਕੀਤੇ। ਕੋਰੀਆ ਵੱਲੋਂ ਇੱਕੋ-ਇੱਕ ਗੋਲ ਜਿਹੂਨ ਯਾਂਗ ਨੇ 30ਵੇਂ ਮਿੰਟ ’ਚ ਪੈਨਲਟੀ ਕਾਰਨਰ ਰਾਹੀਂ ਕੀਤਾ। ਪਹਿਲਾਂ ਹੀ ਸੈਮੀ ਫਾਈਨਲ ’ਚ ਥਾਂ ਪੱਕੀ ਕਰ ਚੁੱਕੀ ਭਾਰਤੀ ਟੀਮ ਆਖਰੀ ਲੀਗ ਮੈਚ ’ਚ ਸਨਿੱਚਰਵਾਰ ਨੂੰ ਰਵਾਇਤੀ ਵਿਰੋਧੀ ਪਾਕਿਸਤਾਨ ਦੀ ਟੀਮ ਨਾਲ ਖੇਡੇਗੀ। ਛੇ ਟੀਮਾਂ ਦੇ ਇਸ ਟੂਰਨਾਮੈਂਟ ’ਚ ਲੀਗ ਪੜਾਅ ਦੀਆਂ ਸਿਖਰਲੀਆਂ ਚਾਰ ਟੀਮਾਂ ਸੈਮੀ ਫਾਈਨਲ ਲਈ ਕੁਆਲੀਫਾਈ ਕਰਨਗੀਆਂ।
ਮਾਂਡਿਆ ਹਿੰਸਾ ਤੋਂ ਬਾਅਦ 46 ਗਿ੍ਰਫਤਾਰ
ਮਾਂਡਿਆ : ਕਰਨਾਟਕ ਦੇ ਮਾਂਡਿਆ ’ਚ ਗਣੇਸ਼ ਦੀ ਮੂਰਤੀ ਦੀ ਸ਼ੋਭਾ ਯਾਤਰਾ ਦੌਰਾਨ ਭੜਕੀ ਹਿੰਸਾ ਤੋਂ ਬਾਅਦ ਪੁਲਸ ਨੇ 46 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਬੁੱਧਵਾਰ ਦੇਰ ਰਾਤ ਇੱਥੇ ਨਾਗਮੰਗਲਾ ਕਸਬੇ ’ਚ ਤਣਾਅ ਫੈਲ ਗਿਆ, ਜਿਸ ਦੌਰਾਨ ਦੋ ਪੁਲਸ ਮੁਲਾਜ਼ਮਾਂ ਸਣੇ ਕੁਝ ਲੋਕ ਪਥਰਾਅ ’ਚ ਮਾਮੂਲੀ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਜਦੋਂ ਬਦਰੀਕੌਪੁਲ ਪਿੰਡ ਤੋਂ ਸ਼ਰਧਾਲੂ ਸ਼ੋਭਾ ਯਾਤਰਾ ਕੱਢ ਰਹੇ ਸਨ ਤਾਂ ਉਦੋਂ ਦੋ ਸਮੂਹਾਂ ਵਿਚਾਲੇ ਬਹਿਸ ਹੋ ਗਈ ਅਤੇ ਕੁਝ ਸ਼ਰਾਰਤੀ ਅਨਸਰਾਂ ਨੇ ਪਥਰਾਅ ਕੀਤਾ, ਜਿਸ ਮਗਰੋਂ ਸਥਿਤੀ ਵਿਗੜ ਗਈ। ਕੁਝ ਦੁਕਾਨਾਂ ’ਚ ਭੰਨਤੋੜ ਕੀਤੀ ਗਈ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਸ ਨੇ ਭੀੜ ਨੂੰ ਖਿੰਡਾਉਣ ਅਤੇ ਸਥਿਤੀ ਸੰਭਾਲਣ ਲਈ ਹਲਕਾ ਲਾਠੀਚਾਰਜ ਕੀਤਾ। ਸ਼ੋਭਾ ਯਾਤਰਾ ਕੱਢਣ ਵਾਲੇ ਨੌਜਵਾਨਾਂ ਦੇ ਸਮੂਹ ਨੇ ਥਾਣੇ ਨੇੜੇ ਪ੍ਰਦਰਸ਼ਨ ਕੀਤਾ ਅਤੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦੀ ਤੁਰੰਤ ਗਿ੍ਰਫਤਾਰੀ ਦੀ ਮੰਗ ਕੀਤੀ।


