ਅੰਮਿ੍ਤਸਰ : 2023 ‘ਚ ਕੈਨੇਡਾ ਦੇ ਓਟਾਵਾ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਦੇ ਪ੍ਰਦਰਸ਼ਨ ਸੰਬੰਧੀ ਕੌਮੀ ਜਾਂਚ ਏਜੰਸੀ (ਅੱੈਨ ਆਈ ਏ) ਨੇ ਪੰਜਾਬ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ | ਪ੍ਰਦਰਸ਼ਨਕਾਰੀਆਂ ਨੇ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ ਸੀ ਅਤੇ ਹਾਈ ਕਮਿਸ਼ਨ ਦੀ ਚਾਰਦੀਵਾਰੀ ‘ਤੇ ਖਾਲਿਸਤਾਨੀ ਝੰਡੇ ਲਗਾਉਂਦਿਆਂ ਇਕ ਪ੍ਰਮੁੱਖ ਮੈਂਬਰ ਨੇ ਇਮਾਰਤ ਦੇ ਅੰਦਰ ਦੋ ਗਰਨੇਡ ਸੁੱਟੇ ਸਨ |
ਅੰਮਿ੍ਤਸਰ ਦੇ ਪਿੰਡ ਰਈਆ, ਬੁਤਾਲਾ ਤੋਂ ਇਲਾਵਾ ਮੋਗਾ ਦੇ ਕਸਬਾ ਕਸਬਾ ਸਮਾਲਸਰ ‘ਚ ਮੱਖਣ ਸਿੰਘ ਮੁਸਾਫ਼ਿਰ ਕਵੀਸ਼ਰ ਦੇ ਘਰ, ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਮਚਰਾਵਾ, ਘੁਮਾਣ ਤੇ ਭਾਮ, ਹਲਕਾ ਘਨੌਰ ਦੇ ਪਿੰਡ ਕੁਥਾ ਖੇੜੀ ਵਿਚ ਅੰਮਿ੍ਤਪਾਲ ਸਿੰਘ ਦੇ ਰਿਸ਼ਤੇਦਾਰ ਜਤਿੰਦਰ ਸਿੰਘ ਦੇ ਘਰ ‘ਚ ਛਾਪੇਮਾਰੀ ਕੀਤੀ ਗਈ ਹੈ |
ਐੱਨ ਆਈ ਏ ਦੀ ਐੱਫ ਆਈ ਆਰ ਮੁਤਾਬਕ ਜੇਲ੍ਹ ‘ਚ ਬੰਦ ਅੰਮਿ੍ਤਪਾਲ ਸਿੰਘ ਦੇ ਰਿਸ਼ਤੇਦਾਰ ਅਮਰਜੋਤ ਸਿੰਘ ਦੀ ਅਗਵਾਈ ‘ਚ ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਹਾਈ ਕਮਿਸ਼ਨ ਓਟਾਵਾ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ | ਅਮਰਜੋਤ ਸਿੰਘ ਅਤੇ ਹੋਰਨਾਂ ਦੀ ਅਗਵਾਈ ਹੇਠ ਭੀੜ ਦੇ ਮੈਂਬਰਾਂ ਨੇ ਗੈਰ-ਕਾਨੂੰਨੀ ਗਤੀਵਿਧੀਆਂ ਵੀ ਕੀਤੀਆਂ | ਐੱਨ ਆਈ ਏ ਨੇ ਇਸ ਕੇਸ ‘ਚ ਅਮਰਜੋਤ ਸਿੰਘ ਸਮੇਤ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ | ਇਸ ਸੰਬੰਧੀ ਦਿੱਲੀ ਪੁਲਸ ਦੇ ਸਪੈਸਲ ਸੈੱਲ ਨੇ ਪਹਿਲਾਂ 8 ਜੂਨ 2023 ਨੂੰ ਕੇਸ ਦਰਜ ਕੀਤਾ ਸੀ |




