ਭੁਬਨੇਸ਼ਵਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਕਾਂਗਰਸ ’ਤੇ ਹਮਲਾ ਬੋਲਦਿਆਂ ਕਿਹਾ ਕਿ ਅੰਗਰੇਜ਼ਾਂ ਵਾਂਗ ਅੱਜ ਵੀ ਸਮਾਜ ਨੂੰ ਵੰਡਣ ਅਤੇ ਤੋੜਨ ’ਤੇ ਲੱਗੇ ਸੱਤਾ ਦੇ ਭੁੱਖੇ ਲੋਕਾਂ ਨੂੰ ਗਣੇਸ਼ ਪੂਜਾ ਤੋਂ ਪ੍ਰੇਸ਼ਾਨੀ ਹੋ ਰਹੀ ਹੈ। ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਇਹ ਟਿੱਪਣੀ ਚੀਫ ਜਸਟਿਸ ਡੀ ਵਾਈ ਚੰਦਰਚੂੜ ਦੇ ਘਰ ਗਣੇਸ਼ ਪੂਜਾ ਲਈ ਜਾਣ ’ਤੇ ਵਿਰੋਧੀ ਧਿਰ ਵੱਲੋਂ ਕੀਤੀ ਆਲੋਚਨਾ ਤੋਂ ਬਾਅਦ ਆਈ ਹੈ। ਉਨ੍ਹਾ ਕਿਹਾ ਕਿ ਕਾਂਗਰਸ ਅਤੇ ਉਸ ਦੇ ਈਕੋ ਸਿਸਟਮ ਦੇ ਲੋਕ ਉਨ੍ਹਾ ’ਤੇ ਭੜਕੇ ਹੋਏ ਹਨ।
ਗਣੇਸ਼ ਵਿਸਰਜਨ ਬਾਰੇ ਬੋਲਦਿਆਂ ਮੋਦੀ ਨੇ ਕਿਹਾ ਕਿ ਅੱਜ ਦੇ ਦਿਨ ਲੋਕਾਂ ਨੇ ਉਨ੍ਹਾਂ ਚੁਣੌਤੀਆਂ ’ਤੇ ਵੀ ਧਿਆਨ ਦੇਣਾ ਹੈ, ਜੋ ਉਨ੍ਹਾਂ ਦੇ ਦੇਸ਼ ਨੂੰ ਪਿੱਛੇ ਲੈਜਾਣ ’ਚ ਜੁਟੀਆਂ ਹਨ।
ਮੋਦੀ ਨੇ ਮੰਗਲਵਾਰ ਨੂੰ ਓਡੀਸ਼ਾ ਦੇ ਭੁਬਨੇਸ਼ਵਰ ਜ਼ਿਲ੍ਹੇ ’ਚ 3800 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾ 14 ਸੂਬਿਆਂ ’ਚ ਪੀ ਐੱਮ ਏ ਵਾਈ ਜੀ ਦੇ ਤਹਿਤ ਲੱਗਭੱਗ 10 ਲੱਖ ਲਾਭਪਾਤਰੀਆਂ ਨੂੰ ਸਹਾਇਤਾ ਦੀ ਪਹਿਲੀ ਕਿਸ਼ਤ ਜਾਰੀ ਕੀਤੀ। ਇਸ ਮੌਕੇ ਆਯੋਜਤ ਪ੍ਰੋਗਰਾਮ ਦੌਰਾਨ ਦੇਸ਼-ਭਰ ਦੇ ਪੀ ਐੱਮ ਏ ਵਾਈ (ਗ੍ਰਾਮੀਣ ਅਤੇ ਸ਼ਹਿਰੀ) ਦੇ 26 ਲੱਖ ਲਾਭਪਾਤਰੀਆਂ ਲਈ ਗ੍ਰਹਿ ਪ੍ਰਵੇਸ਼ ਕਰਵਾਇਆ ਅਤੇ ਉਥੇ ਸਥਿਤ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰ ਦੀਆਂ ਚਾਬੀਆਂ ਵੀ ਸੌਂਪੀਆਂ।
ਪ੍ਰਧਾਨ ਮੰਤਰੀ ਨੇ ਪੀ ਐੱਮ ਏ ਵਾਈ ਜੀ ਲਈ ਹੋਰ ਘਰਾਂ ਦੇ ਸਰਵੇਖਣ ਲਈ ਆਵਾਸ 2024 ਐਪ ਵੀ ਲਾਂਚ ਕੀਤੀ। ਉਨ੍ਹਾ ਭੁਬਨੇਸ਼ਵਰ ’ਚ ਗਡਕਾਨਾ ’ਚ ਪੀ ਐੱਮ ਏ ਵਾਈ ਸ਼ਹੀਰੀ ਸਕੀਮ ਦੇ ਲਾਭਪਾਤਰੀਆਂ ਦੇ ਘਰਾਂ ਦਾ ਦੌਰਾ ਕੀਤਾ। ਲਾਭਪਾਤਰੀਆਂ ਨਾਲ ਲੱਗਭੱਗ 30 ਮਿੰਟ ਬਿਤਾਏ ਅਤੇ ਗੱਲਬਾਤ ਕੀਤੀ। ਵਸਨੀਕਾਂ ਨੇ ‘ਅੰਗ ਵਸਤਰ’ ਚੜ੍ਹਾ ਕੇ ਅਤੇ ਮੱਥੇ ’ਤੇ ਚੰਦਨ ਦੀ ਲੱਕੜ ਦਾ ਲੇਪ ਲਗਾ ਕੇ ਉਨ੍ਹਾ ਦਾ ਰਵਾਇਤੀ ਤੌਰ ’ਤੇ ਸਵਾਗਤ ਕੀਤਾ।
ਮੋਦੀ ਦੇ 74ਵੇਂ ਜਨਮ ਦਿਨ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਨਵੀਨਤਾਕਾਰੀ ਯਤਨ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਲਈ ਰਾਹ ਪੱਧਰਾ ਕਰਨ।
ਉਨ੍ਹਾਂ ਮੋਦੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਉਪ ਰਾਸ਼ਟਰਪਤੀ ਜਗਦੀਪ ਧਨਖੜ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਵਧਾਈ ਦਿੱਤੀ।


