ਦਿੱਲੀ ’ਚ ਤੀਜੀ ਮਹਿਲਾ ਮੁੱਖ ਮੰਤਰੀ ਬਣੀ ਆਤਿਸ਼ੀ
ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਦੀ ਸੀਨੀਅਰ ਆਗੂ ਆਤਿਸ਼ੀ ਨੇ ਸ਼ਨੀਵਾਰ ਇਥੇ ਰਾਜ ਨਿਵਾਸ ਵਿਖੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।ਉਨ੍ਹਾ ਨੂੰ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਅਹੁਦੇ ਤੇ ਰਾਜ਼ਦਾਰੀ ਦਾ ਹਲਫ਼ ਦਿਵਾਇਆ।ਉਨ੍ਹਾ ਨਾਲ ਸੌਰਭ ਭਾਰਦਵਾਜ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਮੁਕੇਸ਼ ਅਹਿਲਾਵਤ ਨੇ ਵੀ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ।ਇਸ ਮੌਕੇ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਹਾਜ਼ਰ ਸਨ, ਜਿਨ੍ਹਾ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਖ਼ਾਲੀ ਹੋਇਆ ਸੀ।ਸਮਾਗਮ ’ਚ ‘ਆਪ’ ਦੇ ਹੋਰ ਵੀ ਵੱਡੀ ਗਿਣਤੀ ’ਚ ਆਗੂ ਹਾਜ਼ਰ ਸਨ।ਇਸ ਤੋਂ ਪਹਿਲਾਂ ਆਤਿਸ਼ੀ ਅਤੇ ਉਨ੍ਹਾ ਨਾਲ ਮੰਤਰੀਆਂ ਵਜੋਂ ਨਾਮਜ਼ਦ ‘ਆਪ’ ਆਗੂਆਂ ਗੋਪਾਲ ਰਾਏ ਤੇ ਕੈਲਾਸ਼ ਗਹਿਲੋਤ ਨੇ ਪਾਰਟੀ ਦੇ ਮੁਖੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਆਤਿਸ਼ੀ, ਗੋਪਾਲ ਰਾਏ ਤੇ ਕੈਲਾਸ਼ ਗਹਿਲੋਤ ਸਹੁੰ ਚੁੱਕ ਸਮਾਗਮ ਲਈ ਰਾਜ ਨਿਵਾਸ ਜਾਣ ਤੋਂ ਪਹਿਲਾਂ ਸਿਵਲ ਲਾਈਨਜ਼ ਸਥਿਤ ਕੇਜਰੀਵਾਲ ਦੀ ਰਿਹਾਇਸ਼ ਉਤੇ ਪੁੱਜੇ ਤੇ ਉਨ੍ਹਾ ਨਾਲ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ ਇਸ ਸਮੇਂ ਦੇਸ਼ ਦੇ ਸਿਰਫ ਇੱਕ ਰਾਜ ਪੱਛਮੀ ਬੰਗਾਲ ਵਿੱਚ ਹੀ ਮਹਿਲਾ ਮੁੱਖ ਮੰਤਰੀ ਸੀ, ਜਿੱਥੇ ਮਮਤਾ ਬੈਨਰਜੀ ਨੇ ਵਾਗਡੋਰ ਸੰਭਾਲੀ ਹੋਈ ਹੈ।ਅੱਜ ਦਿੱਲੀ ਨੂੰ ਵੀ ਮਹਿਲਾ ਮੁੱਖ ਮੰਤਰੀ ਮਿਲ ਗਈ ਹੈ। ਇਸ ਹਫ਼ਤੇ ਦੇ ਸ਼ੁਰੂ ’ਚ ਕੇਜਰੀਵਾਲ ਨੇ ਇਹ ਕਹਿੰਦਿਆਂ ਅਚਾਨਕ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ ਕਿ ਉਹ ਦਿੱਲੀ ਦੀ ਜਨਤਾ ਤੋਂ ‘ਇਮਾਨਦਾਰੀ ਦਾ ਫ਼ਤਵਾ’ ਮਿਲਣ ਤੋਂ ਬਾਅਦ ਹੀ ਅਹੁਦਾ ਸੰਭਾਲਣਗੇ।
ਜ਼ਿਕਰਯੋਗ ਹੈ ਕਿ ਆਤਿਸ਼ੀ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ’ਚ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਇਲਾਵਾ ਉਨ੍ਹਾ ਕੋਲ ਕਰੀਬ 15 ਤੋਂ ਵੱਧ ਵਿਭਾਗ ਸਨ। ਆਤਿਸ਼ੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ’ਚੋਂ ਇੱਕ ਮੰਨੀ ਜਾਂਦੀ ਹੈ। ਆਤਿਸ਼ੀ ਨੇ ਸਮਾਜਕ ਕਾਰਕੁੰਨ ਦੇ ਰੂਪ ’ਚ ਜੀਵਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾ ਆਮ ਆਦਮੀ ਪਾਰਟੀ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ। 43 ਸਾਲਾ ਆਤਿਸ਼ੀ ਕਾਲਕਾਜੀ ਸੀਟ ਤੋਂ ਹੁਣ ਤੱਕ ਤਿੰਨ ਵਾਰ ਵਿਧਾਇਕ ਰਹੀ ਹੈ। ਉਥੇ ਹੀ ਦਿੱਲੀ ਦੀ ਸਭ ਤੋਂ ਨੌਜਵਾਨ ਮੁੱਖ ਮੰਤਰੀ ਬਣਨ ਦਾ ਰਿਕਾਰਡ ਵੀ ਉਨ੍ਹਾ ਦੇ ਨਾਂਅ ਹੋ ਗਿਆ। ਇਸ ਤੋਂ ਪਹਿਲਾ ਇਹ ਰਿਕਾਰਡ ਕੇਜਰੀਵਾਲ ਕੋਲ ਸੀ। ਸਾਲ 2013 ’ਚ ਪਹਿਲੀ ਵਾਰ ਮੁੱਖ ਮੰਤਰੀ ਬਣਨ ਸਮੇਂ ਕੇਜਰੀਵਾਲ 45 ਸਾਲ ਦੇ ਸਨ। ਆਤਿਸ਼ੀ ਦਿੱਲੀ ਦੀ 9ਵੀਂ ਅਤੇ ਨੌਜਵਾਨ ਮੁੱਖ ਮੰਤਰੀ ਤੋਂ ਇਲਾਵਾ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਤ ਤੋਂ ਬਾਅਦ ਤੀਜੀ ਮਹਿਲਾ ਮੁੱਖ ਮੰਤਰੀ ਹੈ।
ਦਿੱਲੀ ਨੂੰ ਪਹਿਲੀ ਮਹਿਲਾ ਮੁੱਖ ਮੰਤਰੀ 1998 ’ਚ ਭਾਜਪਾ ਨੇਤਾ ਸੁਸ਼ਮਾ ਸਵਰਾਜ ਦੇ ਰੂਪ ’ਚ ਮਿਲੀ ਸੀ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਦੇ ਚਲਦੇ ਤਤਕਾਲੀਨ ਮੁੱਖ ਮੰਤਰੀ ਸਾਹਿਬ ਸਿੰਘ ਵਰਮਾ ਨੂੰ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾ ਅਸਤੀਫ਼ਾ ਦੇਣਾ ਪਿਆ ਸੀ। ਇਸ ਤੋਂ ਬਾਅਦ ਸੁਸ਼ਮਾ ਸਵਰਾਜ ਨੂੰ ਮੁੱਖ ਮੰਤਰੀ ਬਣਾਇਆ ਗਿਆ। ਸੁਸ਼ਮਾ ਸਿਰਫ਼ 52 ਦਿਨ ਹੀ ਮੁੱਖ ਮੰਤਰੀ ਰਹੀ ਅਤੇ ਵਿਧਾਨ ਸਭਾ ਚੋਣਾਂ ’ਚ ਭਾਜਪਾ ਬੁਰੀ ਤਰ੍ਹਾਂ ਹਾਰ ਗਈ। ਸਾਲ 1993 ’ਚ ਜਿੱਥੇ ਭਾਜਪਾ ਨੂੰ 49 ਸੀਟਾਂ ਮਿਲੀਆਂ ਸਨ, ਉਥੇ 5 ਸਾਲ ਬਾਅਦ ਸਿਰਫ਼ 15 ਸੀਟਾਂ ਹੀ ਮਿਲੀਆਂ। ਸ਼ੀਲਾ ਦੀਕਸ਼ਤ ਨੇ ਦਿੱਲੀ ਦੀ ਸੱਤਾ ’ਤੇ 15 ਸਾਲ ਤੱਕ ਰਾਜ ਕੀਤਾ। ਸ਼ੀਲਾ ਲਗਾਤਾਰ ਤਿੰਨ ਵਾਰ 1998 ਤੋਂ 2013 ਤੱਕ ਦਿੱਲੀ ਦੀ ਮੁੱਖ ਮੰਤਰੀ ਰਹੀ।



