ਨਵੀਂ ਦਿੱਲੀ : ਮਹਾਂਦੇਵ ਆਨਲਾਈਨ ਸੱਟੇਬਾਜ਼ੀ ਐਪ ਦੇ ਪ੍ਰਮੋਟਰਾਂ ਵਿੱਚੋਂ ਇੱਕ ਸੌਰਭ ਚੰਦਰਾਕਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਬੇਨਤੀ ‘ਤੇ ਇੰਟਰਪੋਲ ਦੇ ਰੈੱਡ ਕਾਰਨਰ ਨੋਟਿਸ ਦੇ ਬਾਅਦ ਦੁਬਈ ‘ਚ ਗਿ੍ਫਤਾਰ ਕਰ ਲਿਆ ਗਿਆ ਹੈ | ਈ ਡੀ ਅਧਿਕਾਰੀਆਂ ਨੇ ਕਿਹਾ ਕਿ ਉਸ ਨੂੰ ਹਾਸਲ ਕਰਨ ਲਈ ਦਸਤਾਵੇਜ਼ ਪ੍ਰਕਿਰਿਆ ਨੂੰ ਆਉਣ ਵਾਲੇ ਦਿਨਾਂ ‘ਚ ਅੰਤਮ ਰੂਪ ਦਿੱਤਾ ਜਾਵੇਗਾ | ਪਿਛਲੇ ਸਾਲ ਦਸੰਬਰ ‘ਚ ਚੰਦਰਾਕਰ ਨੂੰ ਦੁਬਈ ‘ਚ ਘਰ ‘ਚ ਨਜ਼ਰਬੰਦ ਰੱਖਿਆ ਗਿਆ ਸੀ | ਰਾਏਪੁਰ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ ਅਦਾਲਤ ‘ਚ ਪੇਸ਼ ਕੀਤੀ ਆਪਣੀ ਸ਼ੁਰੂਆਤੀ ਚਾਰਜਸ਼ੀਟ ‘ਚ ਈ ਡੀ ਨੇ ਚੰਦਰਾਕਰ, ਉੱਪਲ ਅਤੇ ਕਈ ਹੋਰਨਾਂ ਦਾ ਨਾਂਅ ਲਿਆ ਸੀ |
ਚਾਰਜਸ਼ੀਟ ‘ਚ ਸੌਰਭ ਚੰਦਰਾਕਰ ਦੇ ਚਾਚਾ ਦਿਲੀਪ ਚੰਦਰਾਕਰ ਦੇ ਬਿਆਨ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸੌਰਭ ਦੇ 2019 ‘ਚ ਦੁਬਈ ਜਾਣ ਤੋਂ ਪਹਿਲਾਂ ਉਹ ਛੱਤੀਸਗੜ੍ਹ ਦੇ ਭਿਲਾਈ ‘ਚ ਆਪਣੇ ਭਰਾ ਨਾਲ ਜੂਸ ਫੈਕਟਰੀ ਨਾਂਅ ਦੀ ਇੱਕ ਜੂਸ ਦੀ ਦੁਕਾਨ ਚਲਾਉਂਦਾ ਸੀ | ਈ ਡੀ ਨੇ ਦੋਸ਼ ਲਾਇਆ ਹੈ ਕਿ ਸੌਰਭ ਨੇ ਫਰਵਰੀ 2023 ‘ਚ ਯੂ ਏ ਈ ਦੇ ਰਾਸ ਅਲ ਖੈਮਾਹ ‘ਚ ਵਿਆਹ ਕੀਤਾ ਸੀ ਅਤੇ ਇਸ ਸਮਾਰੋਹ ‘ਚ ਲਗਭਗ 200 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜਿਸ ‘ਚ ਭਾਰਤ ਤੋਂ ਰਿਸ਼ਤੇਦਾਰਾਂ ਨੂੰ ਲਿਜਾਣ ਲਈ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲੈਣਾ ਅਤੇ ਮਸ਼ਹੂਰ ਹਸਤੀਆਂ ਨੂੰ ਪ੍ਰਦਰਸ਼ਨ ਕਰਨ ਲਈ ਭੁਗਤਾਨ ਕਰਨਾ ਸ਼ਾਮਲ ਸੀ | ਈ ਡੀ ਦਾ ਅੰਦਾਜ਼ਾ ਹੈ ਕਿ ਇਸ ਮਾਮਲੇ ‘ਚ ਅਪਰਾਧ ਦੀ ਅਨੁਮਾਨਤ ਕਮਾਈ ਲਗਭਗ 6,000 ਕਰੋੜ ਰੁਪਏ ਹੈ |


