ਨਰੇਗਾ ਮਜ਼ਦੂਰਾਂ ਦੇ ਆਗੂਆਂ ਦੀ ਡਿਪਟੀ ਡਾਇਰੈਕਟਰ ਨਾਲ ਬੈਠਕ, ਮੰਗਾਂ ਦੇ ਹੱਲ ਦਾ ਭਰੋਸਾ

0
250

ਚੰਡੀਗੜ੍ਹ : ਵਿਕਾਸ ਭਵਨ ਮੁਹਾਲੀ ਵਿਖੇ ਨਰੇਗਾ ਕਾਮਿਆਂ ਦੇ ਪਿਛਲੇ ਸਮੇਂ ਵਿੱਚ ਦਿੱਤੇ ਮੰਗ ਪੱਤਰ ‘ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਦੇ ਵਫ਼ਦ ਵੱਲੋਂ ਸ਼ੁੱਕਰਵਾਰ ਪ੍ਰੀਤਇੰਦਰ ਸਿੰਘ ਸਹੋਤਾ ਡਿਪਟੀ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਮੀਟਿੰਗ ਕੀਤੀ ਗਈ | ਵਫ਼ਦ ਵਿੱਚ ਯੂਨੀਅਨ ਵੱਲੋਂ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਮੁਕਤਸਰ, ਪ੍ਰਧਾਨ ਕਸ਼ਮੀਰ ਸਿੰਘ ਗਦਾਈਆ, ਜਨਰਲ ਸਕੱਤਰ ਜਗਸੀਰ ਸਿੰਘ ਖੋਸਾ, ਕੁਲਦੀਪ ਸਿੰਘ ਭੋਲਾ ਜ਼ਿਲ੍ਹਾ ਸਲਾਹਕਾਰ ਮੋਗਾ, ਖ਼ੁਸ਼ੀਆ ਸਿੰਘ ਬਰਨਾਲਾ ਤੇ ਬਲਕਾਰ ਸਿੰਘ ਦੁਧਾਲਾ ਅੰਮਿ੍ਤਸਰ ਸ਼ਾਮਲ ਸਨ | ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਦੱਸਿਆ ਕਿ ਨਰੇਗਾ ਮੰਗ ਅਨੁਸਾਰ ਕੰਮ ਜਾਂ ਬੇਰੁਜ਼ਗਾਰੀ ਭੱਤਾ ਦੇਣ ਦੀ ਗਾਰੰਟੀ ਦਿੰਦਾ ਹੈ, ਪਰ ਦੁੱਖ ਦੀ ਗੱਲ ਹੈ ਕਿ ਇਸ ਵਿਚ ਅਨਫੇਅਰ ਲੇਬਰ ਪ੍ਰੈਕਟਿਸ ਜ਼ੋਰਾਂ ‘ਤੇ ਚੱਲ ਰਹੀ ਹੈ | ਜਿਹੜੇ ਜ਼ਿਲਿ੍ਹਆਂ ਵਿਚ ਨਵੇਂ ਨਰੇਗਾ ਜਾਬ ਕਾਰਡ ਨਹੀਂ ਦਿੱਤੇ ਗਏ, ਉਹ ਦਿੱਤੇ ਜਾਣ ਅਤੇ ਨਰੇਗਾ ਮਜ਼ਦੂਰਾਂ ਦੀ ਹਾਜ਼ਰੀ ਜਾਬ ਕਾਰਡਾਂ ‘ਤੇ ਲਾਉਣਾ ਯਕੀਨੀ ਬਣਾਇਆ ਜਾਵੇ | ਕੰਮ ਅਰਜ਼ੀਆਂ ਦੀਆਂ ਰਸੀਦਾਂ ਯਕੀਨੀ ਬਣਾ ਕੇ ਮੰਗ ਮੁਤਾਬਕ ਕੰਮ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਤਾਂ ਜੋ ਮਜ਼ਦੂਰਾਂ ਦੀ 100 ਦਿਨ ਕੰਮ ਗਾਰੰਟੀ ਪੂਰੀ ਹੋ ਸਕੇ | ਮੇਟਾਂ ਨੂੰ ਕਾਨੂੰਨ ਮੁਤਾਬਕ ਸੈਮੀ-ਸਕਿਲਡ ਵਾਲ਼ੀ ਵੇਜ 500 ਰੁਪਏ ਪ੍ਰਤੀ ਦਿਨ ਦਿੱਤੀ ਜਾਵੇ | ਮਜ਼ਦੂਰਾਂ ਤੋਂ ਕੰਮ ਕਰਵਾ ਕੇ ਨਜਾਇਜ਼ ਤੌਰ ‘ਤੇ ਮਸਟਰੋਲ ਜ਼ੀਰੋ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਅੱਗੇ ਤੋਂ ਇਹ ਅਮਲ ਬੰਦ ਹੋਵੇ | ਨਰੇਗਾ ਕੰਮ ਦਿਨ 2006 ਤੋਂ ਫਰਵਰੀ 2008 ਤੱਕ ਪ੍ਰਤੀ ਦਿਨ 6 ਘੰਟੇ ਸੀ, ਉਹੀ ਲਾਗੂ ਕੀਤੀ ਜਾਵੇ | ਨਰੇਗਾ ਕਾਮਿਆਂ ਦੀ ਦਿਹਾੜੀ ਰੇਟ 1000 ਰੁਪਏ ਅਤੇ ਦਿਨਾਂ ਦੀ ਗਾਰੰਟੀ 200 ਦਿਨ ਕੀਤੀ ਜਾਵੇ | ਉਪਰੋਕਤ ਮੰਗਾਂ ‘ਤੇ ਸੁਖਾਵੇਂ ਮਾਹੌਲ ਵਿੱਚ ਹੋਈ ਗੱਲਬਾਤ ‘ਤੇ ਵਿਭਾਗ ਵੱਲੋਂ ਹਾਜ਼ਰ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨੂੰ ਇਹਨਾਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ |