ਓਸਲੋ : ਇਸ ਸਾਲ ਦਾ ਨੋਬੇਲ ਅਮਨ ਇਨਾਮ ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਸ਼ਹਿਰਾਂ ‘ਤੇ ਹੋਏ ਪ੍ਰਮਾਣੂ ਹਮਲਿਆਂ ਦੇ ਪੀੜਤਾਂ ਦੇ ਸੰਗਠਨ ਨਿਹੋਨ ਹਿਦਾਨਕਯੋ ਨੂੰ ਪ੍ਰਮਾਣੂ ਸ਼ਸਤਰਾਂ ਦੇ ਵਿਰੁੱਧ ਉਸ ਦੇ ਕੰਮਾਂ ਲਈ ਪ੍ਰਦਾਨ ਕੀਤਾ ਜਾਵੇਗਾ | ਨਾਰਵੇ ਨੋਬੇਲ ਸੰਮਤੀ ਦੇ ਪ੍ਰਧਾਨ ਜਾਰਗਨ ਵਾਤਨੇ ਫ੍ਰੀਡਨੇਸ ਨੇ ਸ਼ੁੱਕਰਵਾਰ ਪੁਰਸਕਾਰ ਦਾ ਐਲਾਨ ਕਰਦਿਆਂ ਕਿਹਾ ਕਿ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੀ ਮਨਾਹੀ ‘ਤੇ ਸਹਿਮਤੀ ਦਬਾਅ ਹੇਠ ਹੈ ਅਤੇ ਇਸ ਲਈ ਇਸ ਸੰਸਥਾ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ | ਸੰਗਠਨ ‘ਚ ਉਹ ਲੋਕ ਸ਼ਾਮਲ ਹਨ, ਜਿਹੜੇ ਪ੍ਰਮਾਣੂ ਹਮਲੇ ਵਿਚ ਜਿਊਾਦੇ ਬਚੇ ਸਨ | ਇਨ੍ਹਾਂ ਨੂੰ ਹਿਬਾਕੁਸ਼ਾ ਕਿਹਾ ਜਾਂਦਾ ਹੈ | ਇਹ ਹਿਬਾਕੁਸ਼ਾ ਦੁਨੀਆ-ਭਰ ‘ਚ ਆਪਣੀ ਪੀੜਾ ਤੇ ਦਰਦਨਾਕ ਯਾਦਾਂ ਨੂੰ ਨਿਹੋਨ ਹਿਦਾਨਕਯੋ ਸੰਗਠਨ ਰਾਹੀਂ ਸਾਂਝੀਆਂ ਕਰਦੇ ਹਨ | ਨੋਬੇਲ ਕਮੇਟੀ ਨੇ ਕਿਹਾ ਕਿ ਇਕ ਦਿਨ ਪ੍ਰਮਾਣੂ ਹਮਲੇ ਨੂੰ ਝੱਲਣ ਵਾਲੇ ਇਹ ਲੋਕ ਸਾਡੇ ਕੋਲ ਨਹੀਂ ਰਹਿਣਗੇ, ਪਰ ਜਾਪਾਨ ਦੀ ਨਵੀਂ ਪੀੜ੍ਹੀ ਉਨ੍ਹਾਂ ਦੀਆਂ ਯਾਦਾਂ ਤੇ ਤਜਰਬਿਆਂ ਨੂੰ ਦੁਨੀਆ ਨਾਲ ਸਾਂਝੀ ਕਰਦੀ ਰਹੇਗੀ ਤੇ ਯਾਦ ਦਿਵਾਉਂਦੀ ਰਹੇਗੀ ਕਿ ਪ੍ਰਮਾਣੂ ਹਥਿਆਰ ਕਿੰਨੇ ਖਤਰਨਾਕ ਹਨ |
ਨਿਹੋਨ ਹਿਦਾਨਕਯੋ ਸੰਗਠਨ ਦੀ ਸਥਾਪਨਾ 1956 ‘ਚ ਪ੍ਰਮਾਣੂ ਤੇ ਹਾਈਡਰੋਜਨ ਬੰਬਾਂ ਦੇ ਖਿਲਾਫ ਹੋ ਰਹੀ ਦੂਜੀ ਸੰਸਾਰ ਕਾਨਫਰੰਸ ਦੌਰਾਨ ਹੋਈ ਸੀ | ਅਮਰੀਕਾ ਨੇ 1954 ‘ਚ ਹਾਈਡਰੋਜਨ ਬੰਬ ਦੀ ਪਰਖ ਕੀਤੀ ਸੀ | ਇਸ ਦੇ ਵਿਰੋਧ ‘ਚ 1955 ‘ਚ ਸੰਸਾਰ ਕਾਨਫਰੰਸ ਹੋਈ ਸੀ |
1945 ‘ਚ ਹੋਏ ਪ੍ਰਮਾਣੂ ਹਮਲਿਆਂ ਦੇ ਲਗਭਗ 10 ਸਾਲ ਬਾਅਦ ਵੀ ਪੀੜਤਾਂ ਨੂੰ ਅਮਰੀਕਾ ਵੱਲੋਂ ਕੋਈ ਮਦਦ ਨਹੀਂ ਮਿਲੀ ਸੀ | ਅਮਰੀਕੀ ਫੌਜ ਨੇ ਪੀੜਤ ਲੋਕਾਂ ‘ਤੇ ਪ੍ਰਮਾਣੂ ਹਮਲਿਆਂ ਬਾਰੇ ਕੁਝ ਵੀ ਬੋਲਣ ਤੇ ਲਿਖਣ ‘ਤੇ ਰੋਕ ਲਗਾ ਰੱਖੀ ਸੀ | ਸੰਗਠਨ ਨੇ ਆਪਣੀ ਸਥਾਪਨਾ ਦੇ ਬਾਅਦ ਤੋਂ ਹਿਬਾਕੁਸ਼ਾ (ਪੀੜਤ ਲੋਕਾਂ) ਦੇ ਗਰੁੱਪਾਂ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਘੱਲਿਆ, ਤਾਂ ਜੋ ਦੁਨੀਆ ਦੇ ਲੋਕਾਂ ਨੂੰ ਪ੍ਰਮਾਣੂ ਹਥਿਆਰਾਂ ਨਾਲ ਹੋਣ ਵਾਲੇ ਭਿਆਨਕ ਨੁਕਸਾਨ ਤੇ ਮਨੁੱਖੀ ਪੀੜਾ ਬਾਰੇ ਦੱਸਿਆ ਜਾ ਸਕੇ | ਸੰਗਠਨ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੁਨੀਆ ‘ਚ ਕਿਤੇ ਵੀ ਹੋਰ ਹਿਬਾਕੁਸ਼ਾ ਨਾ ਬਣਾਏ ਜਾਣ ਅਤੇ ਦੁਨੀਆ ਪ੍ਰਮਾਣੂ ਹਥਿਆਰ-ਮੁਕਤ ਬਣ ਸਕੇ | ਪ੍ਰਮਾਣੂ ਬੰਬ ਹਮਲੇ ਕਾਰਨ ਹੀਰੋਸ਼ੀਮਾ ‘ਚ 70 ਹਜ਼ਾਰ ਤੇ ਨਾਗਾਸਾਕੀ ਵਿਚ 40 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ | ਪ੍ਰਮਾਣੂ ਹਮਲੇ ਤੋਂ ਬਾਅਦ ਜਾਪਾਨ ਨੇ ਸਮਰਪਣ ਕਰ ਦਿੱਤਾ ਸੀ ਤੇ ਦੂਜਾ ਵਿਸ਼ਵ ਯੁੱਧ ਬੰਦ ਹੋ ਗਿਆ ਸੀ |



