…ਔਰ ਕਿਤਨਾ ਗਿਰੋਗੇ ਵੱਤਸ

0
169

ਰੁੱਖੇ ਲੇਖਾਂ ਤੋਂ ਅੱਕ ਚੁੱਕੇ ਪਾਠਕਾਂ ਲਈ ਵਿਸ਼ਣੂ ਨਾਗਰ ਦਾ ਇਹ ਵਿਅੰਗ ਪ੍ਰਧਾਨ ਸੇਵਕ ਦੀ ਕਾਰਜਸ਼ੈਲੀ ਬਾਰੇ ਗਿਆਨਵਰਧਕ ਸਾਬਤ ਹੋ ਸਕਦਾ ਹੈ। ਨਾਗਰ ਲਿਖਦੇ ਹਨਦੇਖਣਾ ਤੁਸੀਂ, ਅਜੇ ਇਹ ਹੋਰ ਡਿੱਗੇਗਾ। ਜਦ ਤੁਸੀਂ ਸੋਚੋਗੇ ਕਿ ਹੁਣ ਡਿਗਣ ਲਈ ਹੋਰ ਬਚਿਆ ਹੀ ਕੀ ਹੈ, ਠੀਕ ਉਸੇ ਸਮੇਂ ਇਹ ਤੁਹਾਡੀਆਂ ਸਾਰੀਆਂ ਉਮੀਦਾਂ ’ਤੇ ਪਾਣੀ ਫੇਰਦਿਆਂ ਹੋਰ ਵੀ ਹੇਠਾਂ ਡਿਗ ਕੇ ਦਿਖਾ ਦੇਵੇਗਾ। ਫਿਰ ਵਿਅੰਗ ਨਾਲ ਤੁਹਾਡੇ ਵੱਲ ਦੇਖ ਕੇ ਮੁਸਕਰਾਏਗਾ। ਅਤਲ (ਤਲ ਰਹਿਤ) ਵਿੱਚ ਪੁੱਜ ਜਾਵੇਗਾ ਤਾਂ ਉੱਥੋਂ ਅਤਲ ਦੇ ਵੀ ਅਤਲ ਵਿੱਚ ਡਿਗ ਕੇ ਦਿਖਾਏਗਾ। ਤੁਸੀਂ ਸੋਚੋਗੇ, ਇਸ ਤੋਂ ਵੱਧ ਤਾਂ ਇਹ ਚਾਹ ਕੇ ਵੀ ਨਹੀਂ ਡਿਗ ਸਕਦਾ। ਉਹ ਤੁਹਾਨੂੰ ਫਿਰ ਗਲਤ ਸਾਬਤ ਕਰੇਗਾ। ਇਸ ਦੇ ਵੀ ਹੇਠਾਂ ਅਤੇ ਹੋਰ ਵੀ ਹੇਠਾਂ ਤੇ ਹੋਰ ਵੀ ਹੇਠਾਂ ਡਿਗ ਕੇ ਦਿਖਾਏਗਾ। ਪਾਤਾਲ ਦੇ ਵੀ ਪਾਤਾਲ ਦੇ ਹੇਠਾਂ ਡਿਗ ਕੇ ਦਿਖਾਏਗਾ ਤੇ ਪੁੱਛੇਗਾ ਕਿ ਹੋਰ ਵੀ ਹੇਠਾਂ ਡਿਗ ਕੇ ਦਿਖਾਵਾਂ? ਤੁਸੀਂ ਬਰਦਾਸ਼ਤ ਨਹੀਂ ਕਰ ਸਕੋਂਗੇ, ਉੱਥੋਂ ਉਦਾਸ ਤੇ ਹਤਾਸ਼ ਹੋ ਕੇ ਚਲ ਦਿਓਗੇ। ਜੀ ਉਲਟੀ ਕਰਨ ਨੂੰ ਕਰੇਗਾ ਤਾਂ ਉਹ ਠਹਾਕਾ ਮਾਰ ਕੇ ਕਹੇਗਾ ‘ਬੁਜ਼ਦਿਲ ਕਿਸੇ ਥਾਂ ਦੇ’। ਉਸ ਨੂੰ ਇਸ ਗੱਲ ਤੋਂ ਡਰ ਲਗਦਾ ਹੈ ਕਿ ਜੇ ਉਸ ਨੇ ਨਿਰੰਤਰ, ਬਿਨਾਂ ਰੋਕ-ਟੋਕ ਦੇ ਡਿਗਣਾ ਜਾਰੀ ਨਾ ਰੱਖਿਆ, ਜ਼ਰਾ ਜਿੰਨੀ ਢਿੱਲ ਦਿੱਤੀ, ਥੱਕਣ ਦਾ ਥੋੜ੍ਹਾ ਜਿਹਾ ਵੀ ਸੰਕੇਤ ਦਿੱਤਾ ਤਾਂ ਆਟੋਮੈਟੀਕਲੀ ਉਹ ਉੱਪਰ ਉਠਦਾ ਚਲੇ ਜਾਵੇਗਾ। ਉਸ ਦੇ ਮਨੁੱਖ ਬਣਨ ਦਾ ਖਤਰਾ ਪੈਦਾ ਹੋ ਜਾਵੇਗਾ ਅਤੇ ਮਨੁੱਖ ਬਣਨ ਨਾਲੋਂ ਵੱਧ ਘਾਤਕ ਉਸ ਦੇ ਤੇ ਉਸ ਦੇ ਧੰਦੇ ਲਈ ਕੁਝ ਨਹੀਂ ਹੈ। ਮਨੁੱਖ ਬਣ ਗਿਆ ਤਾਂ ਫਿਰ ਉਹ ਕਿਸੇ ਕੰਮ ਦਾ ਨਹੀਂ ਰਹੇਗਾ। ਉਸ ਦੀਆਂ ਹੁਣ ਤੱਕ ਦੀਆਂ ਸਾਰੀਆਂ ਕਾਮਯਾਬੀਆਂ, ਸਾਰੀਆਂ ਮੁਹਿੰਮਾਂ ਧਰੀਆਂ ਦੀਆਂ ਧਰੀਆਂ ਰਹਿ ਜਾਣਗੀਆਂ। ਹੁਣ ਤੱਕ ਦੀ ਉਸ ਦੀ ਨਫਰਤ ਦੀ ਸਾਰੀ ਕਮਾਈ ਚੌਪਟ ਹੋ ਜਾਵੇਗੀ। ਉਸ ਦਾ ਦਿਲ ਬੈਠ ਜਾਵੇਗਾ। ਉਸ ਦਾ ਤੰਗ ਦਿਮਾਗ ਕੰਮ ਕਰਨਾ ਬੰਦ ਕਰ ਦੇਵੇਗਾ। ਜ਼ੁਬਾਨ, ਜਿਹੜੀ ਹੁਣ ਤੱਕ ਉਸ ਦੇ ਕੰਮ ਆਈ ਹੈ, ਚੱਲਣ ਤੋਂ ਮਨ੍ਹਾਂ ਕਰ ਦੇਵੇਗੀ। ਅੱਖਾਂ, ਜੋ ਬਟਨ ਵਾਂਗ ਹਨ, ਵਿੱਚ ਹਰਕਤ ਹੋਣੀ ਬੰਦ ਹੋ ਜਾਵੇਗੀ। ਸੀਨਾ, ਜਿਹੜਾ ਛਪੰਜਾ ਇੰਚੀ ਹੈ, ਸੋਲਾਂ ਇੰਚੀ ਰਹਿ ਜਾਵੇਗਾ। ਹੱਥ-ਪੈਰ, ਜੋ ਦਿਨ-ਰਾਤ ਸੱਜੇ-ਖੱਬੇ, ਇਹਦੇ-ਉਹਦੇ ’ਤੇ ਚਲਦੇ ਰਹਿੰਦੇ ਹਨ, ਸੁੰਨ ਹੋ ਜਾਣਗੇ। ਉਹ ‘ਦਿਵਿਆਂਗ’ ਹੋ ਜਾਵੇਗਾ। ਇਸ ਡਰ ਨਾਲ ਉਹ ਫਿਰ ਤੇ ਫਿਰ ਹੋਰ ਡਿਗਦਾ ਚਲਿਆ ਜਾਂਦਾ ਹੈ। ਡਿਗਣਾ ਹੀ ਉਸ ਦੀ ਸਿਹਤ ਦਾ ਮੂਲ ਰਹੱਸ ਹੈ। ਉਸ ਦੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਡਿਗਣਾ ਤੇ ਡਿਗਦੇ ਚਲੇ ਜਾਣਾ ਹੈ, ਉਸ ਦੀ ਅੱਜ ਤਕ ਦੀ ਕੁੱਲ ਪੂੰਜੀ ਇਹੀ ਹੈ। ਉਹ ਡਿਗਦੇ ਹੋਏ ਸੋਚਦਾ ਹੈ ਕਿ ਮੇਰੇ ਡਿਗਣ ਨਾਲ ਹਿੰਦੂ ਉੱਪਰ ਉਠ ਜਾਣਗੇ ਤਾਂ ਆਪਣੀ ਸਮਝ ਨਾਲ ਉਹ ਵਿਚਾਰਾ ਹਿੰਦੂਆਂ ਦੇ ਉੱਥਾਨ ਲਈ ਡਿਗਦਾ ਹੈ। ਉਹ ਮੁਸਲਮਾਨਾਂ ਨੂੰ ਡਰਾਉਣ-ਟਪਕਾਉਣ ਲਈ ਡਿਗਦਾ ਹੈ। ਉਹ ਅਡਾਨੀ-ਅੰਬਾਨੀ ਨੂੰ ਉਠਾਉਣ ਤੇ ਹੋਰ ਉਠਾਉਣ, ਉਨ੍ਹਾਂ ਨੂੰ ਸੱਤਵੇਂ ਆਸਮਾਨ ਤੱਕ ਪਹੁੰਚਾਉਣ ਲਈ ਡਿਗਦਾ ਹੈ। ਉਹ ਨੀਚਤਾ ਦੇ ਇਤਿਹਾਸ ਵਿੱਚ ਆਪਣਾ ਨਾਂਅ ਦਰਜ ਕਰਾਉਣ ਲਈ ਡਿਗਦਾ ਹੈ। ਉਹ ਇਸ ਲਈ ਵੀ ਡਿਗਦਾ ਹੈ ਕਿ ਭਵਿੱਖ ਵਿੱਚ ਇਸ ਅਹੁਦੇ ’ਤੇ ਕੋਈ ਆਇਆ ਤਾਂ ਕਿਤੇ ਉਹ ਉਸ ਨੂੰ ਹਟਾ ਕੇ ਨੀਚ ਹੋਣ ਦਾ ਰਿਕਾਰਡ ਆਪਣੇ ਨਾਂਅ ਨਾ ਕਰਵਾ ਲਵੇ! ਇਸ ਲਈ ਉਹ ਡਿਗਦਾ ਹੈ ਤੇ ਡਿਗਦਾ ਚਲੇ ਜਾਂਦਾ ਹੈ। ਉਹ ਆਪਣੇ ਅਗਿਆਤ ਦੁਸ਼ਮਣ ਨਾਲ ਰਕਾਬਤ ਕਰਨ ਲਈ ਡਿੱਗਦਾ ਹੈ। ਕੁਝ ਲੋਕ ਡਿਗ ਕੇ ਸੰਭਲਦੇ ਹਨ, ਉਹ ਸੰਭਲ ਕੇ ਡਿਗਦਾ ਹੈ। ਉਸ ਨੇ ਇਕ ਵਿਭਾਗ ਬਣਾ ਰੱਖਿਆ ਹੈ, ਜਿਸ ਦਾ ਕੰਮ ਹੈ ਕਿ ਕਿੱਥੇ-ਕਿੱਥੇ, ਕਿਵੇਂ-ਕਿਵੇਂ ਹੋਰ ਵੀ ਵੱਧ ਡਿਗਣ ਦੀਆਂ ਸੰਭਾਵਨਾਵਾਂ ਹਨ। ਉਹ ਉਸ ਵਿਭਾਗ ਦੀਆਂ ਉਮੀਦਾਂ ’ਤੇ ਨਾ ਸਿਰਫ ਖਰਾ ਉਤਰਦਾ ਹੈ ਸਗੋਂ ਉਸ ਦੀ ਕਲਪਨਾ ਸ਼ਕਤੀ ਨੂੰ ਹੋਰ ਵਿਸਤਾਰ ਦਿੰਦਿਆਂ ਡਿਗਣ ਦੀਆਂ ਹੋਰ ਅਨੇਕਾਂ ਨਵੀਆਂ ਸੰਭਾਵਨਾਵਾਂ ਨਾਲ ਤੁਆਰਫ ਕਰਾਉਦਾ ਹੈ। ਅਹੁਦੇ ’ਤੇ ਰਹਿੰਦਿਆਂ ਡਿਗਣ ਦਾ ਉਸ ਨੂੰ ਕਰੀਬ ਇੱਕ-ਚੁਥਾਈ ਸਦੀ ਦਾ ਤਜਰਬਾ ਹੈ। ਉਸ ਨੇ ਪਹਿਲੀ ਵਾਰ ਅਹੁਦੇ ’ਤੇ ਬੈਠਣ ਦੇ ਚਾਰ ਮਹੀਨਿਆਂ ਦੇ ਅੰਦਰ ਹੀ ਡਿਗਣ ਦੀ ਏਨੀ ਨੀਵਾਣ ਦਿਖਾਈ ਸੀ ਕਿ ਦੁਨੀਆ ਦੰਗ ਰਹਿ ਗਈ ਸੀ। ਇਸ ਦੀ ਦੇਖਾ-ਦੇਖੀ ਦੂਜੇ ਵੀ ਉਸ ਨੀਵਾਣ ਤੱਕ ਡਿਗਣ ਦਾ ਜਤਨ ਕਰਨ ਲੱਗੇ ਤਾਂ ਤਜਰਬੇ ਦੀ ਘਾਟ ਵਿੱਚ ਆਪਣੇ ਹੱਥ-ਪੈਰ ਤੁੜਵਾ ਬੈਠੇ। ਉਨ੍ਹਾਂ ਨੂੰ ਇਸ ਸਥਿਤੀ ’ਚ ਦੇਖ ਕੇ ਉਹ ਮਨ ਹੀ ਮਨ ਖੁਸ਼ ਹੋਇਆ। ਉਸ ਨੇ ਖੁਦ ਨੂੰ ਕਿਹਾ ਕਿ ਡਿਗਣ ਦੇ ਮਾਮਲੇ ’ਚ ਇਹ ਅਜੇ ਬੱਚੇ ਹਨ। ਉਸ ਨੇ ਉਨ੍ਹਾਂ ਨੂੰ ਉਹ ਤਰਕੀਬ ਕਦੇ ਨਹੀਂ ਦੱਸੀ ਕਿ ਜਿਸ ਨਾਲ ਉਹ ਡਿਗ ਕੇ ਵੀ ਬਚਿਆ ਤੇ ਬਣਿਆ ਰਿਹਾ ਹੈ। ਉਹ ਆਪਣੇ ਗੁਰ ਆਪਣੇ ਕੋਲ ਰੱਖਦਾ ਹੈ। ਡਿਗਣ ਦਾ ਮੁਕਾਬਲਾ ਕਰਨ ਵਾਲੇ ਡਿਗਦੇ ਜਾਂਦੇ ਹਨ ਤੇ ਦਿਵਿਆਂਗਤਾ ਪ੍ਰਾਪਤ ਕਰਦੇ ਜਾਂਦੇ ਹਨ। ਇਹ ਉਨ੍ਹਾਂ ਦੀ ਦਿਵਿਆਂਗਤਾ ’ਤੇ ਇਕੱਲਾ ਤਾੜੀ ਵਜਾਉਦਾ ਹੈ। ਆਪਣਾ ਡੰਕਾ ਵਜਾ ਕੇ ਖੁਦ ਸੁਣਦਾ ਹੈ ਤੇ ਮਗਨ ਰਹਿੰਦਾ ਹੈ। ਉਜ ਤਾਂ ਇਹ ਬੁਜ਼ਦਿਲ ਹੈ ਪਰ ਡਿਗਣ ’ਚ ਉਸ ਵਰਗਾ ਕੋਈ ਸਾਹਸੀ ਅੱਜ ਤੱਕ ਦੇਸ਼ ਵਿੱਚ ਨਹੀਂ ਹੋਇਆ। ਉਹ ਸੰਕੋਚੀ ਵੀ ਹੈ। ਉਸ ਨੂੰ ਇਹ ਪਸੰਦ ਨਹੀਂ ਕਿ ਕੋਈ ਉਸ ਦੇ ਡਿਗਣ ਦੀ ਤਾਰੀਫ ’ਚ ਕਸੀਦੇ ਪੜ੍ਹਨਾ ਸ਼ੁਰੂ ਕਰ ਦੇਵੇ!