ਨਵੀਂ ਦਿੱਲੀ : ਇੰਟਰ-ਪਾਰਲੀਮੈਂਟਰੀ ਯੂਨੀਅਨ (ਆਈ ਪੀ ਯੂ) ਦੀ 1999 ਵਿਚ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਨਜ਼ਮਾ ਹੈਪਤੁੱਲਾ ਨੇ ਬਰਲਿਨ ਤੋਂ ਤੱਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਹ ਖਬਰ ਦੱਸਣ ਲਈ ਫੋਨ ਕੀਤਾ ਕਿ ਉਹ ਇਸ ਯੂਨੀਅਨ ਦੀ ਪ੍ਰਧਾਨ ਬਣ ਗਈ ਹੈ, ਪਰ ਨਜ਼ਮਾ ਨੂੰ ਸੋਨੀਆ ਗਾਂਧੀ ਨਾਲ ਗੱਲ ਕਰਨ ਲਈ ਇੱਕ ਘੰਟਾ ਉਡੀਕ ਕਰਨੀ ਪਈ ਅਤੇ ਉਡੀਕ ਦੇ ਬਾਵਜੂਦ ਸੋਨੀਆ ਗਾਂਧੀ ਨੇ ਉਸ ਨਾਲ ਗੱਲ ਨਾ ਕੀਤੀ |
ਰਾਜ ਸਭਾ ਦੀ ਸਾਬਕਾ ਡਿਪਟੀ ਚੇਅਰਪਰਸਨ ਹੈਪਤੱੁਲਾ ਨੇ ਸੋਨੀਆ ਗਾਂਧੀ ਨਾਲ ਮੱਤਭੇਦਾਂ ਦੀਆਂ ਖਬਰਾਂ ਆਉਣ ਤੋਂ ਬਾਅਦ ਕਾਂਗਰਸ ਛੱਡ ਦਿੱਤੀ ਸੀ ਅਤੇ 2004 ‘ਚ ਭਾਜਪਾ ‘ਚ ਸ਼ਾਮਲ ਹੋ ਗਈ ਸੀ | ਉਸ ਨੇ ਆਪਣੀ ਹੁਣੇ ਰਿਲੀਜ਼ ਹੋਈ ਸਵੈ-ਜੀਵਨੀ ‘ਇਨ ਪਰਸਿਊਟ ਆਫ ਡੈਮੋਕਰੇਸੀ : ਬਿਓਨਡ ਪਾਰਟੀ ਲਾਈਨਜ਼’ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ |
ਹੈਪਤੁੱਲਾ ਦਾ ਕਹਿਣਾ ਹੈ ਕਿ ਆਈ ਪੀ ਯੂ ਦੀ ਪ੍ਰਧਾਨਗੀ ਮਿਲਣਾ ਇਤਿਹਾਸਕ ਪਲ ਸੀ, ਜੋ ਭਾਰਤੀ ਸੰਸਦ ਤੋਂ ਵਿਸ਼ਵ ਸੰਸਦੀ ਪੜਾਅ ਤੱਕ ਉਸ ਦੀ ਯਾਤਰਾ ਦੇ ਸਿਖਰ ਨੂੰ ਦਰਸਾਉਂਦਾ ਹੈ | ਉਸ ਨੇ ਲਿਖਿਆ ਹੈ—ਮੈਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਟੈਲੀਫੋਨ ਕੀਤਾ ਅਤੇ ਉਨ੍ਹਾ ਨੇ ਤੁਰੰਤ ਮੇਰੇ ਫੋਨ ਦਾ ਜਵਾਬ ਦਿੱਤਾ | ਇਹ ਸਨਮਾਨ ਵੱਡਾ ਸੀ, ਕਿਉਂਕਿ ਇਹ ਸਨਮਾਨ ਭਾਰਤ ਦੇ ਹਿੱਸੇ ਆਇਆ ਸੀ ਅਤੇ ਦੂਜਾ ਇਹ ਇੱਕ ਭਾਰਤੀ ਮੁਸਲਮਾਨ ਔਰਤ ਨੂੰ ਮਿਲਿਆ ਸੀ | ਵਾਜਪਾਈ ਨੇ ਕਿਹਾ ਕਿ ਤੁਸੀਂ ਵਾਪਸ ਆ ਜਾਓ, ਅਸੀਂ ਜਸ਼ਨ ਮਨਾਵਾਂਗੇ |
ਇਸ ਤੋਂ ਬਾਅਦ ਮੈਂ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਫੋਨ ਕੀਤਾ ਤਾਂ ਉਸ ਦੇ ਸਟਾਫ ਵਿੱਚੋਂ ਇੱਕ ਨੇ ਕਿਹਾ ਕਿ ਮੈਡਮ ਬਿਜ਼ੀ ਹਨ, ਪਰ ਜਦੋਂ ਉਸ ਨੇ ਕਿਹਾ ਕਿ ਉਹ ਬਰਲਿਨ ਤੋਂ ਕੌਮਾਂਤਰੀ ਕਾਲ ਕਰ ਰਹੀ ਹੈ ਤਾਂ ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਹੋਲਡ ਕਰੋ, ਇਸ ਤੋਂ ਬਾਅਦ ਉਹ ਪੂਰਾ ਇੱਕ ਘੰਟਾ ਉਡੀਕ ਕਰਦੀ ਰਹੀ ਪਰ ਸੋੋਨੀਆ ਜੀ ਫੋਨ ਲਾਈਨ ‘ਤੇ ਨਾ ਹੀ ਆਏ ਤੇ ਨਾ ਹੀ ਮੇਰੇ ਨਾਲ ਗੱਲ ਕੀਤੀ |





