ਸੀ ਪੀ ਆਈ ਦਾ ਸ਼ਤਾਬਦੀ ਵਰ੍ਹਾ ਜੋਸ਼ੋ-ਖਰੋਸ਼ ਨਾਲ ਮਨਾਉਣ ਦਾ ਫੈਸਲਾ

0
124

ਸ਼ਾਹਕੋਟ (ਗਿਆਨ ਸੈਦਪੁਰੀ)-ਐਤਵਾਰ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 26 ਦਸੰਬਰ ਨੂੰ ਪਾਰਟੀ ਦਫ਼ਤਰ ਵਿਖੇ ਪਾਰਟੀ ਦਾ ਸਥਾਪਨਾ ਦਿਵਸ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਵੇਗਾ | ਸਾਥੀ ਵੀਰ ਕੁਮਾਰ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਨੇ ਕਿਹਾ ਕਿ 26 ਦਸੰਬਰ ਨੂੰ ਕਮਿਊਨਿਸਟ ਪਾਰਟੀ ਸੌ ਸਾਲ ਦੀ ਹੋ ਜਾਵੇਗੀ | ਸੌ ਸਾਲਾ ਸ਼ਾਨਦਾਰ ਸਫ਼ਰ ਦੌਰਾਨ ਪਾਰਟੀ ਨੇ ਬਹੁਤ ਸਾਰੀਆਂ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ | ਇਨ੍ਹਾਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਤੇ ਭਵਿੱਖ ਵਿੱਚ ਲੋਕਾਂ ਦੀ ਬਿਹਤਰੀ ਲਈ ਕਾਰਜ ਯੋਜਨਾਵਾਂ ਉਲੀਕਣੀਆਂ ਵੀ ਸਥਾਪਨਾ ਸਮਾਗਮਾਂ ਦਾ ਹਿੱਸਾ ਹੋਵੇਗਾ | ਕਾਮਰੇਡ ਕੈਲੇ ਨੇ ਕਿਹਾ ਕਿ ਲੋਕਾਂ ਲਈ ਸਮਰਪਣ ਭਾਵਨਾਵਾਂ ਨਾਲ ਕੰਮ ਕਰਨ ਵਾਲੇ ਕਮਿਊਨਿਸਟ ਆਗੂਆਂ ਤੋਂ ਸੇਧ ਲੈ ਕੇ ਅੱਗੇ ਵਧਣ ਦਾ ਅਹਿਦ ਕਰਨਾ ਸਥਾਪਨਾ ਦਿਵਸ ਦੀ ਸਾਰਥਿਕਤਾ ਵਿੱਚ ਵਾਧਾ ਕਰੇਗਾ | ਮੀਟਿੰਗ ਵਿੱਚ ‘ਨਵਾਂ ਜ਼ਮਾਨਾ’ ਦੇ ਘੇਰੇ ਨੂੰ ਵਿਸ਼ਾਲ ਕਰਨ ਸੰਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ‘ਨਵਾਂ ਜ਼ਮਾਨਾ’ ਦੇ ਪੁਰਾਣੇ ਦਿਨਾਂ ਨੂੰ ਚੇਤੇ ਕਰਦਿਆਂ ਕਾਮਰੇਡ ਤਰਸੇਮ ਸਿੰਘ ਜੰਡਿਆਲਾ ਨੇ ਕਿਹਾ ਕਿ ਹਰੇਕ ਪਾਰਟੀ ਕਾਰਕੁਨ ਨੂੰ ਹਰ ਰੋਜ਼ ਅਖਬਾਰ ਦੀ ਉਤਸ਼ਾਹਪੂਰਨ ਉਡੀਕ ਰਹਿੰਦੀ ਸੀ | ਹੁਣ ਵੀ ਉਸੇ ਤਰ੍ਹਾਂ ਦਾ ਮਹੌਲ ਸਿਰਜਣ ਦੀ ਲੋੜ ਹੈ | ਉਨ੍ਹਾ ਕਿਹਾ ਕਿ ਸੋਸ਼ਲ ਮੀਡੀਆ ਦਾ ਆਪਣਾ ਮਹੱਤਵ ਹੈ, ਪਰ ਅਖ਼ਬਾਰ ਦੀ ਭਰੋਸੇਯੋਗਤਾ ਵਧੇਰੇ ਹੈ |
ਇਸ ਤੋਂ ਇਲਾਵਾ ਪਾਰਟੀ ਮੈਂਬਰਸ਼ਿਪ ਦੇ ਨਵੀਨੀਕਰਨ ਦੇ ਏਜੰਡੇ ਉੱਤੇ ਵੀ ਵਿਚਾਰਾਂ ਹੋਈਆਂ | ਤਹਿਸੀਲ ਸਕੱਤਰਾਂ ਨੂੰ ਹਦਾਇਤ ਕੀਤੀ ਗਈ ਕਿ ਨਵੀਨੀਕਰਨ ਦਾ ਕੰਮ 25 ਜਨਵਰੀ ਤੱਕ ਹਰ ਹਾਲਤ ਵਿੱਚ ਮੁਕੰਮਲ ਕੀਤਾ ਜਾਵੇ | ਕਿਸੇ ਵੀ ਮੈਂਬਰ ਨੂੰ ਮੈਂਬਰਸ਼ਿਪ ਤੋਂ ਵਾਂਝਿਆਂ ਨਾ ਰਹਿਣ ਦਿੱਤਾ ਜਾਵੇ |
ਮੀਟਿੰਗ ਵਿੱਚ ਕਾਮਰੇਡ ਸੰਤੋਸ਼ ਬਰਾੜ, ਹਰਜਿੰਦਰ ਸਿੰਘ ਮੌਜੀ, ਗਿਆਨ ਸੈਦਪੁਰੀ, ਮਹਿੰਦਰ ਸਿੰਘ ਘੋੜਾਬਾਹੀ ਵੀ ਹਾਜ਼ਰ ਸਨ |