ਨਵੀਂ ਦਿੱਲੀ : ਦਿੱਲੀ ਪੁਲਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਸ਼ਹਿਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਭੇਜਣ ਦੇ ਦੋਸ਼ ’ਚ ਹਾਲ ’ਚ ਹੀ ਗਿ੍ਰਫਤਾਰ ਕੀਤਾ ਗਿਆ 12ਵੀਂ ਜਮਾਤ ਦਾ ਵਿਦਿਆਰਥੀ ਇੱਕ ਅਜਿਹੀ ਐੱਨ ਜੀ ਓ ਨਾਲ ਜੁੜਿਆ ਹੋਇਆ ਹੈ, ਜਿਹੜੀ ਇੱਕ ਸਿਆਸੀ ਪਾਰਟੀ ਦੀ ਹਮਾਇਤ ਕਰਦੀ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਐੱਨ ਜੀ ਓ (ਗ਼ੈਰ-ਸਰਕਾਰੀ ਸੰਸਥਾ) ਨੇ ਸੰਸਦ ’ਤੇ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦੀ ਹਮਾਇਤ ਕੀਤੀ ਸੀ।
ਵਿਸ਼ੇਸ਼ ਪੁਲਸ ਕਮਿਸ਼ਨਰ (ਅਮਨ ਤੇ ਕਾਨੂੰਨ) ਮਧੁਪ ਤਿਵਾੜੀ ਨੇ ਕਿਹਾਅਸੀਂ ਈ-ਮੇਲਾਂ ਨੂੰ ਟਰੈਕ ਕਰ ਰਹੇ ਸੀ ਅਤੇ ਇੱਕ ਵਰਚੁਅਲ ਪ੍ਰਾਈਵੇਟ ਨੈੱਟਵਰਕ ਕਾਰਨ ਇਨ੍ਹਾਂ ਦੇ ਮੂਲ ਨੂੰ ਟਰੈਕ ਕਰਨਾ (ਮੂਲ ਦਾ ਪਤਾ ਲਾਉਣਾ) ਮੁਸ਼ਕਲ ਸੀ। ਸਾਨੂੰ ਇਹ ਵੀ ਪਤਾ ਲਗਾਉਣਾ ਪਿਆ ਕਿ ਕੀ ਇਸ ’ਚ ਕੋਈ ਅੱਤਵਾਦੀ ਕੋਣ ਤਾਂ ਨਹੀਂ ਸੀ। ਸਾਡੀਆਂ ਟੀਮਾਂ ਨੇ 8 ਜਨਵਰੀ ਨੂੰ ਹਾਲ ਹੀ ’ਚ ਆਈਆਂ ਈਮੇਲਾਂ ਤੋਂ ਬਾਅਦ ਨਾਬਾਲਗ ਦਾ ਪਤਾ ਲਗਾਇਆ। ਈ-ਮੇਲ ਭੇਜਣ ਵਾਲਾ ਕਿਉਂਕਿ ਨਾਬਾਲਗ ਸੀ, ਇਸ ਲਈ ਟੀਮ ਨੇ ਉਸ ਦਾ ਲੈਪਟਾਪ ਅਤੇ ਮੋਬਾਇਲ ਫੋਨ ਫੋਰੈਂਸਿਕ ਜਾਂਚ ਲਈ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਸ ਟੀਮਾਂ ਨੇ ਨਾਬਾਲਗ ਵੱਲੋਂ ਭੇਜੀਆਂ ਗਈਆਂ 400 ਧਮਕੀ ਭਰੀਆਂ ਈਮੇਲਾਂ ਨੂੰ ਟਰੈਕ ਕੀਤਾ ਹੈ। ਉਨ੍ਹਾਂ ਉਸ ਦੇ ਪਿਤਾ, ਜੋ ਕਿ ਇੱਕ ਐੱਨ ਜੀ ਓ ਨਾਲ ਕੰਮ ਕਰ ਰਿਹਾ ਹੈ, ਦੇ ਪਿਛੋਕੜ ਦੀ ਵੀ ਜਾਂਚ ਕੀਤੀ ਅਤੇ ਪਾਇਆ ਕਿ ਇਹ ਸੰਗਠਨ ਇੱਕ ਸਿਵਲ ਸੁਸਾਇਟੀ ਸਮੂਹ ਦਾ ਹਿੱਸਾ ਹੈ, ਜੋ ਅਫਜ਼ਲ ਗੁਰੂ ਦੀ ਫਾਂਸੀ ਦੇ ਮੁੱਦੇ ਉਠਾ ਰਿਹਾ ਹੈ ਅਤੇ ਇੱਕ ਸਿਆਸੀ ਪਾਰਟੀ ਦੀ ਮਦਦ ਵੀ ਕਰ ਰਿਹਾ ਹੈ। ਸਿਆਸੀ ਪਾਰਟੀ ਦਾ ਨਾਂਅ ਲਏ ਬਿਨਾਂ ਅਧਿਕਾਰੀ ਨੇ ਕਿਹਾ ਕਿ ਟੀਮਾਂ ਮਾਮਲੇ ਦੀ ਹੋਰ ਜਾਂਚ ਕਰ ਰਹੀਆਂ ਹਨ।


