ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਆਪਣੇ ਮਾਸਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਚੋਣ ਕਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨੇ ਲੋਕਾਂ ਦੀ ਤਾਕਤ ਨੂੰ ਮਜ਼ਬੂਤ ਕਰਨ ਲਈ ਤਕਨਾਲੋਜੀ ਦੀ ਤਾਕਤ ਦਾ ਇਸਤੇਮਾਲ ਕੀਤਾ ਅਤੇ ਨਿਰਪੱਖ ਚੋਣ ਅਮਲ ਯਕੀਨੀ ਬਣਾਉਣ ਦੀ ਆਪਣੀ ਵਚਨਬੱਧਤਾ ਦਿਖਾਈ। ਮੋਦੀ ਦਾ ਇਹ ਪ੍ਰੋਗਰਾਮ ਆਮ ਕਰਕੇ ਹਰੇਕ ਮਹੀਨੇ ਦੇ ਆਖਰੀ ਐਤਵਾਰ ਨੂੰ ਪ੍ਰਸਾਰਤ ਹੁੰਦਾ ਹੈ, ਪਰ ਅਗਲੇ ਹਫਤੇ ਗਣਤੰਤਰ ਦਿਵਸ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਅਗਾਊਂ ਪ੍ਰਸਾਰਤ ਕੀਤਾ ਗਿਆ ਹੈ। ਮੋਦੀ ਨੇ ਚੋਣ ਕਮਿਸ਼ਨ ਦੀ ਤਾਰੀਫ ਅਜਿਹੇ ਮੌਕੇ ਕੀਤੀ ਹੈ, ਜਦੋਂ 25 ਜਨਵਰੀ ਨੂੰ ਨੈਸ਼ਨਲ ਵੋਟਰਜ਼ ਡੇਅ ਮਨਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸਮੇਂ-ਸਮੇਂ ’ਤੇ ਚੋਣ ਅਮਲ ਦੇ ਆਧੁਨਿਕੀਕਰਨ ਦੇ ਨਾਲ ਇਸ ਨੂੰ ਮਜ਼ਬੂਤ ਵੀ ਕੀਤਾ ਹੈ। ਕਾਬਿਲੇਗੌਰ ਹੈ ਕਿ ਵਿਰੋਧੀ ਧਿਰਾਂ ਵੱਲੋਂ ਈ ਵੀ ਐੱਮਜ਼ ਦੀ ਨਿਰਪੱਖਤਾ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਤੇ ਮੋਦੀ ਦੀਆਂ ਉਪਰੋਕਤ ਟਿੱਪਣੀਆਂ ਨੂੰ ਈ ਵੀ ਐੱਮਜ਼ ਦੀ ਤਾਈਦ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦ ਹੋਣ ਤੋਂ ਬਾਅਦ ਭਾਰਤ ਦੀ ਜਮਹੂਰੀਅਤ ਵਜੋਂ ਵਿਹਾਰਕਤਾ ’ਤੇ ਸ਼ੱਕ ਪ੍ਰਗਟਾਇਆ ਗਿਆ ਸੀ, ਪਰ ਦੇਸ਼ ਨੇ ਉਸ ਨੂੰ ਗਲਤ ਸਾਬਤ ਕਰ ਦਿੱਤਾ।


