ਵੈਨਕੂਵਰ : ਕੈਨੇਡਾ ਦੀ ਪੀਲ ਪੁਲਸ ਨੇ ਪਿਛਲੇ ਮਹੀਨਿਆਂ ’ਚ ਓਂਟਾਰੀਓ ਦੇ 50 ਸਰਕਾਰੀ ਸ਼ਰਾਬ ਠੇਕਿਆਂ ਤੋਂ 2.40 ਲੱਖ ਡਾਲਰ (ਕਰੀਬ ਡੇਢ ਕਰੋੜ ਰੁਪਏ) ਦੀ ਸ਼ਰਾਬ ਚੋਰੀ ਕਰਨ ਵਾਲੇ ਸੱਤ ਪੰਜਾਬੀਆਂ ’ਚੋਂ 5 ਨੂੰ ਗਿ੍ਰਫਤਾਰ ਕਰ ਲਿਆ ਹੈ, ਜਦਕਿ ਦੋ ਹੋਰਨਾਂ ਦੀ ਭਾਲ ਜਾਰੀ ਹੈ। ਗਿ੍ਰਫਤਾਰ ਕੀਤੇ ਪੰਜ ਜਣਿਆਂ ’ਚੋਂ ਤਿੰਨ ਪਹਿਲਾਂ ਹੀ ਅਜਿਹੇ ਦੋਸ਼ਾਂ ਅਧੀਨ ਸ਼ਰਤਾਂ ਤਹਿਤ ਜ਼ਮਾਨਤ ’ਤੇ ਸਨ। ਗਰੋਹ ਨੇ ਹਰੇਕ ਠੇਕੇ ਤੋਂ ਮੌਕੇ ਅਨੁਸਾਰ ਚੋਰੀ ਜਾਂ ਲੁੱਟ ਕਰਨ ਲਈ ਵੱਖ-ਵੱਖ ਢੰਗ ਅਪਣਾਏ। ਪੁਲਸ ਦੇ ਡਿਪਟੀ ਚੀਫ ਮਾਰਕ ਐਂਡਰਿਊ ਅਨੁਸਾਰ ਲੁੱਟ ਅਤੇ ਚੋਰੀ ਦੇ ਦੋਸ਼ਾਂ ਅਧੀਨ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਨੁਜ ਕੁਮਾਰ (25), ਸਿਮਰਪ੍ਰੀਤ ਸਿੰਘ (29), ਸ਼ਰਨਦੀਪ ਸਿੰਘ (25) ਤੇ ਸਿਮਰਜੀਤ ਸਿੰਘ ਅਤੇ ਪ੍ਰਭਪ੍ਰੀਤ ਸਿੰਘ (29) ਵਜੋਂ ਹੋਈ ਹੈ। ਜਗਸੀਰ ਸਿੰਘ (28) ਤੇ ਪੁਨੀਤ ਸਹਿਜੜਾ (25) ਫਰਾਰ ਹਨ। ਦੋਵਾਂ ਬੇਘਰਿਆਂ ਦਾ ਪੱਕਾ ਟਿਕਾਣਾ ਨਾ ਹੋਣ ਕਰਕੇ ਫੜਨ ਵਿੱਚ ਦੇਰੀ ਹੋ ਰਹੀ ਹੈ।
ਓਂਟਾਰੀਓ ਵਿੱਚ ਸ਼ਰਾਬ ਵਿਕਰੀ ਦਾ ਸਾਰਾ ਕਾਰੋਬਾਰ ਓਂਟਾਰੀਓ ਲਿੱਕਰ ਕੰਟਰੋਲ ਬੋਰਡ ਕੋਲ ਹੈ। ਪੁਲਸ ਅਨੁਸਾਰ ਇਹ ਲੋਕ ਠੇਕਿਆਂ ਅੰਦਰ ਜਾ ਕੇ ਮਹਿੰਗੀ ਸ਼ਰਾਬ ਟਰਾਲੀਆਂ ਵਿੱਚ ਲੱਦ ਕੇ ਗੇਟ ਕੀਪਰ ਨੂੰ ਡਰਾ-ਧਮਕਾ ਕੇ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਫਰਾਰ ਹੋ ਜਾਂਦੇ ਸਨ। ਇਹ ਸਿਲਸਿਲਾ 4-5 ਮਹੀਨੇ ਚਲਦਾ ਰਿਹਾ।


