‘ਵਾਲਾਂ ’ਤੇ ਟਿੱਪਣੀ ਸੈਕਸੁਅਲ ਹਰਾਸਮੈਂਟ ਨਹੀਂ’

0
77

ਮੁੰਬਈ : ਮਹਿਲਾ ਸਾਥੀ ਦੇ ਵਾਲਾਂ ਬਾਰੇ ਗਾਣਾ ਗਾਉਣਾ ਜਾਂ ਕੋਈ ਟਿੱਪਣੀ ਕਰਨ ਤੋਂ ਇਹ ਅਰਥ ਨਹੀਂ ਕੱਢਿਆ ਜਾ ਸਕਦਾ ਕਿ ਕੰਮ ਵਾਲੀ ਥਾਂ ’ਤੇ ਉਸਨੂੰ ਜਿਸਮਾਨੀ ਤੌਰ ’ਤੇ ਤੰਗ ਕੀਤਾ ਗਿਆ। ਬੰਬੇ ਹਾਈ ਕੋਰਟ ਦੇ ਇਸ ਫੈਸਲੇ ਨਾਲ ਇੱਕ ਪ੍ਰਾਈਵੇਟ ਬੈਂਕ ਦੇ ਸੀਨੀਅਰ ਐਗਜ਼ੈਕਟਿਵ ਨੂੰ ਕਾਫੀ ਰਾਹਤ ਮਿਲੀ ਹੈ। ਜਸਟਿਸ ਸੰਦੀਪ ਮਾਰਨੇ ਨੇ 18 ਮਾਰਚ ਦੇ ਫੈਸਲੇ ਵਿੱਚ ਕਿਹਾ ਕਿ ਜੇ ਪਟੀਸ਼ਨਰ ਖਿਲਾਫ ਦੋਸ਼ਾਂ ਨੂੰ ਸੱਚ ਵੀ ਮੰਨ ਲਿਆ ਜਾਵੇ, ਉਨ੍ਹਾਂ ਤੋਂ ਜਿਸਮਾਨੀ ਛੇੜਛਾੜ ਦਾ ਠੋਸ ਪ੍ਰਭਾਵ ਨਹੀਂ ਕਬੂਲਿਆ ਜਾ ਸਕਦਾ। ਐੱਚ ਡੀ ਐੱਫ ਸੀ ਬੈਂਕ ਦੇ ਪੁਣੇ ਸਥਿਤ ਐਸੋਸੀਏਟ ਰਿਜਨਲ ਮੈਨੇਜਰ ਵਿਨੋਦ ਕਚਾਵੇ ਨੇ ਇੰਡਸਟ੍ਰੀਅਲ ਕੋਰਟ ਦੇ ਜੁਲਾਈ 2024 ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੈਲੰਜ ਕੀਤਾ ਸੀ। ਇੰਡਸਟ੍ਰੀਅਲ ਕੋਰਟ ਨੇ ਕੰਮ ਵਾਲੀ ਥਾਂ ਜਿਸਮਾਨੀ ਤੌਰ ’ਤੇ ਪ੍ਰੇਸ਼ਾਨ ਕਰਨ ਲਈ ਉਸਨੂੰ ਦੋਸ਼ੀ ਠਹਿਰਾਉਦੀ ਬੈਂਕ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਦੀ ਰਿਪੋਰਟ ਵਿਰੁੱਧ ਉਸਦੀ ਅਪੀਲ ਨੂੰ ਰੱਦ ਕਰ ਦਿੱਤਾ ਸੀ। ਕਮੇਟੀ ਦੀ ਰਿਪੋਰਟ ਤੋਂ ਬਾਅਦ ਕਚਾਵੇ ਦਾ ਅਹੁਦਾ ਘਟਾ ਕੇ ਉਸਨੂੰ ਡਿਪਟੀ ਰਿਜਨਲ ਮੈਨੇਜਰ ਬਣਾ ਦਿੱਤਾ ਗਿਆ ਸੀ। ਮਹਿਲਾ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਕਚਾਵੇ ਨੇ ਉਸਦੇ ਵਾਲਾਂ ਬਾਰੇ ਟਿੱਪਣੀ ਕੀਤੀ ਤੇ ਇੱਕ ਗਾਣਾ ਵੀ ਗਾਇਆ। ਉਸਨੇ ਹੋਰਨਾਂ ਮਹਿਲਾ ਸਾਥੀਆਂ ਦੀ ਮੌਜੂਦਗੀ ਵਿੱਚ ਇੱਕ ਮਰਦ ਸਾਥੀ ਦੇ ਗੁਪਤਾਂਗ ਬਾਰੇ ਵੀ ਟਿੱਪਣੀ ਕੀਤੀ। ਹਾਈ ਕੋਰਟ ਨੇ ਕਿਹਾ ਹੈ ਕਿ ਬੈਂਕ ਦੀ ਸ਼ਿਕਾਇਤ ਕਮੇਟੀ ਨੇ ਇਹ ਵਿਚਾਰ ਨਹੀਂ ਕੀਤਾ ਕਿ ਕੀ ਕਚਾਵੇ ਦਾ ਕਥਿਤ ਵਿਹਾਰ ਜਿਸਮਾਨੀ ਹਰਾਸਮੈਂਟ ਮੰਨਿਆ ਜਾ ਸਕਦਾ ਹੈ। ਜੇ ਦੋਸ਼ ਸਹੀ ਵੀ ਮੰਨ ਲਏ ਜਾਣ, ਇਹ ਸਾਬਤ ਕਰਨਾ ਔਖਾ ਹੈ ਕਿ ਉਸਨੇ ਸੈਕਸੁਅਲ ਹਰਾਸਮੈਂਟ ਦਾ ਕੋਈ ਕਾਰਾ ਕੀਤਾ। ਕਚਾਵੇ ਦੀ ਵਕੀਲ ਸਨਾ ਰਈਸ ਖਾਨ ਨੇ ਦਲੀਲ ਦਿੱਤੀ ਸੀ ਕਿ ਕਚਾਵੇ ਦਾ ਵਿਹਾਰ ਪਿ੍ਰਵੈਨਸ਼ਨ, ਪ੍ਰੋਹਿਬਸ਼ਨ ਐਂਡ ਰੀਡਰੈਸਲ (ਪੋਸ਼) ਐਕਟ 2013 ਦੀ ਉਲੰਘਣਾ ਨਹੀਂ ਮੰਨਿਆ ਜਾ ਸਕਦਾ। ਕਚਾਵੇ ਨੇ ਇਹੀ ਕਿਹਾ ਸੀ ਕਿ ਉਹ ਵਾਲਾਂ ਨੂੰ ਸੰਵਾਰਨ ਲਈ ਜੇ ਸੀ ਬੀ ਵਰਤਦੀ ਹੋਣੀ। ਦੂਜੇ ਮਾਮਲੇ ਵਿੱਚ ਜਦੋਂ ਉਸਨੇ ਟਿੱਪਣੀ ਕੀਤੀ, ਮਹਿਲਾ ਉੱਥੇ ਮੌਜੂਦ ਨਹੀਂ ਸੀ। ਵਕੀਲ ਨੇ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਮਹਿਲਾ ਨੇ ਅਸਤੀਫਾ ਦੇਣ ਤੋਂ ਬਾਅਦ ਜਿਸਮਾਨੀ ਹਰਾਸਮੈਂਟ ਦੀ ਸ਼ਿਕਾਇਤ ਕੀਤੀ ਸੀ। ਕੋਰਟ ਨੇ ਵੀ ਨੋਟ ਕੀਤਾ ਕਿ ਕਚਾਵੇ ਨੇ ਟਿੱਪਣੀ ਜੂਨ 2022 ਵਿੱਚ ਕੀਤੀ। ਉਸਤੋਂ ਬਾਅਦ ਦੋਹਾਂ ਵਿਚਾਲੇ ਵ੍ਹਟਸਐਪ ’ਤੇ ਸੁਨੇਹਿਆਂ ਦਾ ਵਟਾਂਦਰਾ ਹੁੰਦਾ ਰਿਹਾ। ਉਸ ਦੌਰਾਨ ਕਚਾਵੇ ਨੇ ਉਸਨੂੰ ਕਿਹਾ ਕਿ ਉਹ ਕੰਮ ’ਤੇ ਪਰਤ ਆਵੇ। ਮਹਿਲਾ ਨੇ ਉਸਦਾ ਸ਼ੁਕਰੀਆ ਵੀ ਕੀਤਾ। ਦੂਜੀ ਘਟਨਾ ਵਾਲੀ ਟਿੱਪਣੀ ਵੀ ਮਹਿਲਾ ਵੱਲ ਸੇਧਤ ਨਹੀਂ ਸੀ। ਇਸ ਕਰਕੇ ਸੈਕਸੁਅਲ ਹਰਾਸਮੈਂਟ ਵਾਲੀ ਗੱਲ ਜਚਦੀ ਨਹੀਂ।