ਸ੍ਰੀਨਗਰ : ਪਾਕਿਸਤਾਨੀ ਫੌਜ ਨੇ ਲਗਾਤਾਰ ਅੱਠਵੀਂ ਵਾਰ 1 ਤੇ 2 ਮਈ ਦੀ ਦਰਮਿਆਨੀ ਰਾਤ ਨੂੰ ਬਿਨਾਂ ਕਿਸੇ ਭੜਕਾਹਟ ਤੋੋਂ ਕੁਪਵਾੜਾ, ਬਾਰਾਮੂਲਾ, ਪੁਣਛ, ਨੌਸ਼ਹਿਰਾ ਤੇ ਅਖਨੂਰ ਸੈਕਟਰਾਂ ਵਿੱਚ ਕੰਟਰੋਲ ਰੇਖਾ ਦੇ ਪਾਰ ਚੌਕੀਆਂ ਤੋਂ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ। ਭਾਰਤੀ ਸਲਾਮਤੀ ਦਸਤਿਆਂ ਨੇ ਇਸ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ। ਇਸੇ ਦੌਰਾਨ ਪਾਕਿਸਤਾਨ ਨੇ ਸ਼ੁੱਕਰਵਾਰ ਕਿਹਾ ਕਿ ਉਹ ਭਾਰਤ ਵਿਚ ਫਸੇ ਆਪਣੇ ਨਾਗਰਿਕਾਂ ਲਈ ਵਾਹਗਾ ਸਰਹੱਦੀ ਲਾਂਘੇ ਦੀ ਵਰਤੋਂ ਦੀ ਆਗਿਆ ਜਾਰੀ ਰੱਖੇਗਾ। ਲਾਹੌਰ ਦੇ ਨੇੜੇ ਸਥਿਤ ਅਟਾਰੀ-ਵਾਹਗਾ ਸਰਹੱਦ ਨੂੰ 30 ਅਪਰੈਲ ਤੱਕ ਖੁੱਲ੍ਹਾ ਰੱਖਣ ਤੋਂ ਬਾਅਦ ਵੀਰਵਾਰ ਨੂੰ ਬੰਦ ਕਰ ਦਿੱਤਾ ਗਿਆ ਹੈ। ਵੀਰਵਾਰ ਨੂੰ ਸਰਹੱਦ ’ਤੇ 70 ਪਾਕਿਸਤਾਨੀ ਨਾਗਰਿਕ ਫਸੇ ਹੋਣ ਦੀ ਖਬਰ ਹੈ। ਮੀਡੀਆ ਦੇ ਸਵਾਲਾਂ ਦੇ ਜਵਾਬ ਵਿਚ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ‘‘ਅਸੀਂ ਮੀਡੀਆ ਰਿਪੋਰਟਾਂ ਤੋਂ ਜਾਣੂ ਹਾਂ, ਜੋ ਦਰਸਾਉਂਦੀਆਂ ਹਨ ਕਿ ਕੁਝ ਪਾਕਿਸਤਾਨੀ ਨਾਗਰਿਕ ਅਟਾਰੀ ਵਿੱਚ ਫਸੇ ਹੋਏ ਹਨ। ਅਸੀਂ ਆਪਣੇ ਨਾਗਰਿਕਾਂ ਨੂੰ ਪ੍ਰਾਪਤ (ਰੀਸੀਵ) ਕਰਨ ਲਈ ਤਿਆਰ ਹਾਂ ਜੇਕਰ ਭਾਰਤੀ ਅਧਿਕਾਰੀ ਉਨ੍ਹਾਂ ਨੂੰ ਆਪਣੇ ਪਾਸੇ ਤੋਂ ਸਰਹੱਦ ਪਾਰ ਕਰਨ ਦੀ ਇਜਾਜ਼ਤ ਦਿੰਦੇ ਹਨ। ਵਾਹਗਾ ਸਰਹੱਦ ਭਵਿੱਖ ਵਿੱਚ ਵੀ ਵਾਪਸ ਆਉਣ ਦੇ ਚਾਹਵਾਨ ਪਾਕਿਸਤਾਨੀ ਨਾਗਰਿਕਾਂ ਲਈ ਖੁੱਲ੍ਹੀ ਰਹੇਗੀ।’’




