ਤਰਸਿੱਕਾ : ਪੋਤਰੇ ਨੂੰ ਰਾਜਾਸਾਂਸੀ ਏਅਰਪੋਰਟ ਤੋਂ ਵਿਦੇਸ਼ ਰਵਾਨਾ ਕਰਕੇ ਵਾਪਸ ਆ ਰਹੇ ਪਰਵਾਰ ਦੀ ਕਾਰ ਟਿੱਪਰ ਨਾਲ ਟਕਰਾਉਣ ਕਾਰਨ 4 ਜੀਆਂ ਦੀ ਮੌਤ ਹੋ ਗਈ। ਗੁਰਦੇਵ ਸਿੰਘ ਪੋਤਰੇ ਨੂੰ ਜਹਾਜ਼ ਚੜ੍ਹਾ ਕੇ ਵਾਪਸ ਆ ਰਹੇ ਸਨ ਤਾਂ ਕਾਰ ਦੀ ਮਹਿਤਾ-ਅੰਮਿ੍ਰਤਸਰ ਜੀ ਟੀ ਰੋਡ ’ਤੇ ਸਥਿਤ ਪਿੰਡ ਢੱਪਈਆ ਜੀਵਨ ਪੰਧੇਰ ਨੇੜੇ ਮਹਿਤਾ ਵੱਲੋਂ ਆ ਰਹੇ ਟਿੱਪਰ ਨਾਲ ਜ਼ਬਰਦਸਤ ਟੱਕਰ ਹੋ ਗਈ। ਟਿੱਪਰ ਪਲਟ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮਿ੍ਰਤਕਾਂ ਦੀ ਪਛਾਣ ਪਿੰਡ ਬੋਜਾ ਥਾਣਾ ਘੁਮਾਣ ਦੇ ਗੁਰਦੇਵ ਸਿੰਘ (60) ਪੁੱਤਰ ਜਗੀਰ ਸਿੰਘ, ਮਲਕੀਅਤ ਕੌਰ (65) ਪਤਨੀ ਗੁਰਦੇਵ ਸਿੰਘ, ਧਰਮਿੰਦਰ ਸਿੰਘ (38) ਪੁੱਤਰ ਅਜਮੇਰ ਸਿੰਘ ਤੇ ਬੱਲਪੁਰੀਆਂ ਦੀ ਪਰਮਜੀਤ ਕੌਰ (45) ਪਤਨੀ ਭੁਪਿੰਦਰ ਸਿੰਘ ਵਜੋਂ ਹੋਈ ਹੈ।
ਘਰ ਡਿੱਗਣ ਨਾਲ 4 ਮੌਤਾਂ
ਨਵੀਂ ਦਿੱਲੀ : ਭਾਰੀ ਮੀਂਹ ਕਰਕੇ ਸ਼ੁੱਕਰਵਾਰ ਸਵੇਰੇ ਦਿੱਲੀ ਦੇ ਨਜਫਗੜ੍ਹ ਦੇ ਖਰਕੜੀ ਨਾਹਰ ਪਿੰਡ ਵਿੱਚ ਘਰ ਢਹਿ ਜਾਣ ਕਾਰਨ ਤਿੰਨ ਬੱਚਿਆਂ ਅਤੇ ਇੱਕ ਔਰਤ ਦੀ ਮੌਤ ਹੋ ਗਈ। ਦਿੱਲੀ ਹਵਾਈ ਅੱਡੇ ’ਤੇ ਕਾਫੀ ਉਡਾਣਾਂ ਪ੍ਰਭਾਵਤ ਹੋਈਆਂ।
ਮਨੀ ਲਾਂਡਰਿੰਗ ਕੇਸ ’ਚ ਸੋਨੀਆ ਤੇ ਰਾਹੁਲ ਨੂੰ ਨੋਟਿਸ
ਨਵੀਂ ਦਿੱਲੀ : ਦਿੱਲੀ ਦੀ ਅਦਾਲਤ ਨੇ ਸ਼ੁੱਕਰਵਾਰ ਨੈਸ਼ਨਲ ਹੇਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਆਗੂਆਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨੋਟਿਸ ਜਾਰੀ ਕੀਤੇ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ ਕਿ ਚਾਰਜਸ਼ੀਟ ਉਤੇ ਗੌਰ ਕੀਤੇ ਜਾਂਦੇ ਸਮੇਂ ਉਹ ਉਨ੍ਹਾਂ ਦੀ ਗੱਲ ਸੁਣਨਾ ਚਾਹੁੰਦੇ ਹਨ। ਅਗਲੀ ਸੁਣਵਾਈ 8 ਮਈ ਨੂੰ ਹੋਵੇਗੀ। ਈ ਡੀ ਨੇ ਐਸੋਸੀਏਟਿਡ ਜਰਨਲਜ਼ ਲਿਮਟਿਡ (ਏ ਜੇ ਐੱਲ) ਨਾਲ ਸੰਬੰਧਤ 2,000 ਕਰੋੜ ਰੁਪਏ ਤੋਂ ਵੱਧ ਕੀਮਤ ਦੀਆਂ ਜਾਇਦਾਦਾਂ ਉਤੇ ਧੋਖਾਧੜੀ ਨਾਲ ਕਬਜ਼ੇ ਦੇ ਸੰਬੰਧ ਵਿੱਚ ਮਨੀ ਲਾਂਡਰਿੰਗ ਵਿੱਚ ਸੋਨੀਆ, ਰਾਹੁਲ ਤੇ ਹੋਰਨਾਂ ਦੀ ਕਥਿਤ ਸ਼ਮੂਲੀਅਤ ਦੇ ਦੋਸ਼ ਲਾਏ ਹਨ।



