ਇਜ਼ਰਾਈਲ ਦਾ ਸੀਰੀਆ ਦੇ ਰਾਸ਼ਟਰਪਤੀ ਭਵਨ ਨੇੜੇ ਹਮਲਾ

0
117

ਦਮਿਸ਼ਕ : ਇਜ਼ਰਾਈਲੀ ਹਵਾਈ ਸੈਨਾ ਨੇ ਸ਼ੁੱਕਰਵਾਰ ਤੜਕੇ ਸੀਰੀਆ ਦੇ ਰਾਸ਼ਟਰਪਤੀ ਭਵਨ ਦੇ ਨੇੜੇ ਹਮਲਾ ਕੀਤਾ। ਇਸ ਤੋਂ ਕੁਝ ਘੰਟੇ ਪਹਿਲਾਂ ਹੀ ਇਜ਼ਰਾਈਲ ਨੇ ਸੀਰੀਆਈ ਅਧਿਕਾਰੀਆਂ ਨੂੰ ਦੱਖਣੀ ਸੀਰੀਆ ਵਿੱਚ ਘੱਟਗਿਣਤੀ ਭਾਈਚਾਰੇ ਦੇ ਪਿੰਡਾਂ ਵੱਲ ਨਾ ਵਧਣ ਦੀ ਚੇਤਾਵਨੀ ਦਿੱਤੀ ਸੀ। ਇਹ ਹਮਲਾ ਰਾਜਧਾਨੀ ਦਮਿਸ਼ਕ ਦੇ ਨੇੜੇ ਸੀਰੀਆਈ ਸਰਕਾਰ ਪੱਖੀ ਬੰਦੂਕਧਾਰੀਆਂ ਅਤੇ ਡਰੂਜ਼ ਘੱਟਗਿਣਤੀ ਸੰਪਰਦਾ ਦੇ ਲੜਾਕਿਆਂ ਵਿਚਕਾਰ ਕਈ ਦਿਨਾਂ ਦੀਆਂ ਝੜਪਾਂ ਤੋਂ ਬਾਅਦ ਹੋਇਆ ਹੈ।
ਇਨ੍ਹਾਂ ਝੜਪਾਂ ਵਿਚ ਦਰਜਨਾਂ ਲੋਕ ਮਾਰੇ ਗਏ। ਇਜ਼ਰਾਈਲੀ ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਜੰਗੀ ਜਹਾਜ਼ਾਂ ਨੇ ਦਮਿਸ਼ਕ ਵਿੱਚ ਰਾਸ਼ਟਰਪਤੀ ਹੁਸੈਨ ਅਲ-ਸ਼ਾਰਾ ਦੇ ਨਿਵਾਸ ਸਥਾਨ ਨੇੜੇ ਹਮਲਾ ਕੀਤਾ। ਸਰਕਾਰ ਪੱਖੀ ਸੀਰੀਆਈ ਮੀਡੀਆ ਸੰਗਠਨਾਂ ਨੇ ਕਿਹਾ ਕਿ ਇਹ ਹਮਲਾ ਪੀਪਲਜ਼ ਪੈਲੇਸ ਦੇ ਨੇੜੇ ਹੋਇਆ, ਜੋ ਕਿ ਸ਼ਹਿਰ ਦੇ ਉੱਪਰ ਇਕ ਪਹਾੜੀ ’ਤੇ ਸਥਿਤ ਰਾਸ਼ਟਰਪਤੀ ਭਵਨ ਹੈ। ਡਰੂਜ਼ ਇੱਕ ਘੱਟਗਿਣਤੀ ਸਮੂਹ ਹੈ। ਦੁਨੀਆ ਭਰ ਵਿੱਚ ਲੱਗਭੱਗ 10 ਲੱਖ ਡਰੂਜ਼ ਲੋਕ ਹਨ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਸੀਰੀਆ ਵਿੱਚ ਰਹਿੰਦੇ ਹਨ।