ਤਿੰਨ ਦਹਿਸ਼ਤਗਰਦ ਮਾਰੇ

0
90

ਜੰਮੂ : ਪੁਲਵਾਮਾ ਜ਼ਿਲ੍ਹੇ ਵਿੱਚ ਆਵੰਤੀਪੋਰਾ ਦੇ ਤਰਾਲ ਖੇਤਰ ਵਿੱਚ ਵੀਰਵਾਰ ਸਵੇਰੇ ਮੁਕਾਬਲੇ ’ਚ ਤਿੰਨ ਦਹਿਸ਼ਤਗਰਦ ਮਾਰੇ ਗਏ। ਸੁਰੱਖਿਆ ਬਲਾਂ ਨੂੰ ਤਰਾਲ ਦੇ ਨਾਦੇਰ ਪਿੰਡ ਵਿੱਚ ਤਿੰਨ ਦੇ ਕਰੀਬ ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ 13 ਮਈ ਨੂੰ ਸ਼ੋਪੀਆਂ ਜ਼ਿਲ੍ਹੇ ਦੇ ਕੇਲਰ ਵਿੱਚ ਲਸ਼ਕਰ-ਏ-ਤਈਬਾ ਦੇ ਤਿੰਨ ਦਹਿਸ਼ਤਗਰਦ ਮਾਰੇ ਗਏ ਸਨ।
ਮਨੀਪੁਰ ’ਚ 10 ਅੱਤਵਾਦੀ ਮਾਰੇ
ਇੰਫਾਲ : ਵੀਰਵਾਰ ਸਵੇਰ ਅਸਾਮ ਰਾਈਫਲਜ਼ ਨੇ ਮਨੀਪੁਰ ਦੇ ਚੰਦੇਲ ਜ਼ਿਲ੍ਹੇ ਵਿੱਚ ਮੁਕਾਬਲੇ ਦੌਰਾਨ 10 ਅੱਤਵਾਦੀਆਂ ਨੂੰ ਮਾਰ ਦਿੱਤਾ। ਮੁਕਾਬਲੇ ਵਾਲੀ ਥਾਂ ਪਹਾੜੀ ਖੇਤਰ ਵਿੱਚ ਭਾਰਤ-ਮਿਆਂਮਾਰ ਕੌਮਾਂਤਰੀ ਸਰਹੱਦ ਦੇ ਨੇੜੇ ਹੈ ਤੇ ਰਾਜਧਾਨੀ ਇੰਫਾਲ ਤੋਂ 130 ਕਿਲੋਮੀਟਰ ਦੂਰ ਹੈ। ਇੱਥੇ ਬਹੁਤ ਘੱਟ ਮਨੁੱਖੀ ਆਬਾਦੀ ਹੈ।
ਉਡਾਣਾਂ ਬਹਾਲ, ਲੋਕਾਂ ਨੂੰ ਕਸ਼ਮੀਰ ਆਉਣ ਦਾ ਸੱਦਾ
ਸ੍ਰੀਨਗਰ : ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਵੀਰਵਾਰ ਦੱਸਿਆ ਕਿ ਸ੍ਰੀਨਗਰ ਲਈ ਸਾਰੀਆਂ ਉਡਾਣਾਂ ਨੂੰ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾ ਭਾਰਤ ਵਾਸੀਆਂ ਨੂੰ ਕਸ਼ਮੀਰ ਘਾਟੀ ’ਚ ਆਉਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾ ਕਿਹਾ, ‘ਇਸ ਵੇਲੇ ਇੱਥੋਂ ਦੇ ਲੋਕ ਸੈਰ-ਸਪਾਟਾ, ਆਰਥਕਤਾ ਅਤੇ ਕਾਰੋਬਾਰ ਦੇ ਲਿਹਾਜ਼ ਨਾਲ ਔਖੇ ਸਮੇਂ ਵਿੱਚੋਂ ਗੁਜ਼ਰ ਰਹੇ ਹਨ, ਪਰ ਹੁਣ ਕਸ਼ਮੀਰ ਸੁਰੱਖਿਅਤ ਹੈ। ਲੋਕ ਇੱਥੇ ਦੁਬਾਰਾ ਆਉਣ। ਸਾਨੂੰ ਕਸ਼ਮੀਰ ਦੇ ਅਰਥਚਾਰੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ। ਮੈਂ ਇੱਥੇ ਸਥਾਨਕ ਲੋਕਾਂ ਨੂੰ ਮਿਲਿਆ, ਜਿਨ੍ਹਾਂ ਆਵਾਜ਼ ਉਠਾਈ ਕਿ ਸੈਰ-ਸਪਾਟੇ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਇਸ ਦਿਸ਼ਾ ਵਿੱਚ ਸਾਰੇ ਲੋੜੀਂਦੇ ਕਦਮ ਚੁੱਕੇਗੀ।’