ਕਾਮਰੇਡ ਕਨਮ ਰਾਜਿੰਦਰਾ ਹਾਲ (ਤਿਰੂਪਤੀ)
ਸਰਬ ਭਾਰਤ ਨੌਜਵਾਨ ਸਭਾ ਦਾ 17ਵਾਂ ਕੌਮੀ ਡੈਲੀਗੇਟ ਅਜਲਾਸ ਨੌਜਵਾਨਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਮਜ਼ਬੂਤ ਨੌਜਵਾਨ ਏਕਤਾ ਦਾ ਸੁਨੇਹਾ ਦਿੰਦਿਆਂ ਐਤਵਾਰ ਆਖਰੀ ਦਿਨ ਸਫਲਤਾਪੂਰਵਕ ਸੰਪੰਨ ਹੋ ਗਿਆ। ਆਖਰੀ ਦਿਨ ਦੇ ਪਹਿਲੇ ਸੈਸ਼ਨ ਵਿੱਚ ਜਨਰਲ ਸਕੱਤਰ ਥਿਰੂਮਲਾਈ ਰਮਨ ਵੱਲੋਂ ਪੇਸ਼ ਕੀਤੀ ਰਿਪੋਰਟ ’ਤੇ ਬਹਿਸ ਦੌਰਾਨ ਉਠੇ ਸਵਾਲਾਂ ਦੇ ਜਵਾਬ ਦਿੱਤੇ ਗਏ ਅਤੇ ਪੂਰੇ ਡੈਲੀਗੇਟ ਹਾਊਸ ਵੱਲੋਂ ਰਿਪੋਰਟ ਨੂੰ ਵਾਧਿਆਂ ਸਮੇਤ ਪਾਸ ਕਰ ਲਿਆ ਗਿਆ।
ਡੈਲੀਗੇਟ ਅਜਲਾਸ ਦੇ ਅੰਤਮ ਸੈਸ਼ਨ ਵਿੱਚ ਡੈਲੀਗੇਟ ਹਾਊਸ ਵੱਲੋਂ 105 ਮੈਂਬਰੀ ਨਵੀਂ ਕੌਮੀ ਜਨਰਲ ਕੌਂਸਲ ਅਤੇ 38 ਮੈਂਬਰੀ ਕੌਮੀ ਵਰਕਿੰਗ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਚੁਣੀ ਉਕਤ ਵਰਕਿੰਗ ਕਮੇਟੀ ਵੱਲੋਂ ਸਰਬਸੰਮਤੀ ਨਾਲ ਸੁਖਜਿੰਦਰ ਮਹੇਸਰੀ ਨੂੰ ਕੌਮੀ ਜਨਰਲ ਸਕੱਤਰ ਅਤੇ ਬਿਹਾਰ ਤੋਂ ਰੋਸ਼ਨ ਸਿਨ੍ਹਾ ਨੂੰ ਕੌਂਮੀ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਉਕਤ ਤੋਂ ਇਲਾਵਾ ਭਾਰਤੀ ਤਾਮਿਲਨਾਡੂ, ਪ੍ਰਦੀਪ ਸੇਤੀ ਓਡੀਸ਼ਾ, ਆਰਤੀ ਰੀਡੇਕਰ ਮਹਾਰਾਸ਼ਟਰ, ਹਿਮਾਂਸ਼ੂ ਗੁਜਰਾਤ ਨੂੰ ਮੀਤ ਪ੍ਰਧਾਨ ਅਤੇ ਟੀ ਟੀ ਜਿਸਮਨ, ਵਲੀ ਕਾਦਰੀ, ਹਰੀਸ਼ ਬਾਲਾ ਕਰਨਾਟਕਾ, ਪ੍ਰਚੂਰੀ ਰਾਜਿੰਦਰਾ ਬਾਬੂ ਆਂਧਰਾ ਨੂੰ ਮੀਤ ਸਕੱਤਰ ਚੁਣਿਆ ਗਿਆ।
ਨਵੀਂ ਚੁਣੀ ਗਈ ਕੌਮੀ ਜਨਰਲ ਕੌਂਸਲ ਵਿੱਚ ਪੰਜਾਬ ਦੇ ਚਰਨਜੀਤ ਛਾਂਗਾ ਰਾਏ, ਕਰਮਵੀਰ ਕੌਰ ਬੱਧਨੀ, ਹਰਭਜਨ ਛੱਪੜੀ ਵਾਲਾ, ਗੁਰਜੰਟ ਸਿੰਘ, ਗੁਰਜੀਤ ਕੌਰ ਸਰਦੂਲਗੜ੍ਹ ਅਤੇ ਵਿਸ਼ਾਲ ਵਲਟੋਹਾ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਅਤੇ ਚਰਨਜੀਤ ਛਾਂਗਾ ਰਾਏ ਅਤੇ ਕਰਮਵੀਰ ਕੌਰ ਬੱਧਨੀ ਨੂੰ ਕੌਮੀ ਵਰਕਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ।
ਨਵੀਂ ਚੁਣੀ ਗਈ ਜਨਰਲ ਕੌਂਸਲ ਅਤੇ ਆਗੂ ਟੀਮ ਵੱਲੋਂ ਜੁਲਾਈ ਮਹੀਨੇ ਵਿੱਚ ਚੋਣ ਸੁਧਾਰ ਕਰਵਾਉਣ ਲਈ ਦੇਸ਼ ਭਰ ਵਿੱਚੋਂ 5 ਕਰੋੜ ਦਸਤਖਤ ਇਕੱਠੇ ਕਰਨ ਅਤੇ ਇਸੇ ਸਾਲ ਵਿੱਚ ਹੀ ਬਨੇਗਾ ਦੀ ਪ੍ਰਾਪਤੀ ਲਈ ਦੇਸ਼-ਵਿਆਪੀ ਲੌਂਗ ਮਾਰਚ ਕੀਤਾ ਜਾਵੇਗਾ। ਤਿਰੂਪਤੀ ਦੀ ਸਟੇਟ ਪਾਰਟੀ ਦੀ ਮਦਦ ਨਾਲ ਸਰਬ ਭਾਰਤ ਨੌਜਵਾਨ ਸਭਾ ਆਂਧਰਾ ਪ੍ਰਦੇਸ਼ ਵੱਲੋਂ ਦੇਸ਼ ਭਰ ਦੇ ਡੈਲੀਗੇਟ ਸਾਥੀਆਂ ਲਈ ਰਹਿਣ ਦਾ ਖਾਸ ਪ੍ਰਬੰਧ ਕੀਤਾ ਗਿਆ ਅਤੇ ਦੱਖਣੀ ਭਾਰਤ ਦੇ ਪ੍ਰਸਿੱਧ ਵੱਖ-ਵੱਖ ਸਵਾਦਲੇ ਖਾਣਿਆਂ ਨਾਲ ਖੂਬ ਮਹਿਮਾਨ-ਨਿਵਾਜ਼ੀ ਕੀਤੀ ਗਈ। ਕਾਨਫਰੰਸ ਦੇ ਚਾਰੇ ਦਿਨ ਆਂਧਰਾ ਪ੍ਰਦੇਸ਼ ਦੀ ਇਪਟਾ ਸੱਭਿਆਚਾਰਕ ਨਾਟ ਮੰਡਲੀ ਵੱਲੋਂ ਦੱਖਣੀ ਭਾਰਤ ਦੀਆਂ ਵੱਖ-ਵੱਖ ਇਨਕਲਾਬੀ ਸੱਭਿਆਚਾਰਕ ਵੰਨਗੀਆਂ ਪੇਸ਼ ਕਰਕੇ ਕਾਨਫਰੰਸ ਨੂੰ ਸਿਖ਼ਰਾਂ ਛੂਹਣ ਲਾਈ ਰੱਖਿਆ। ਡੈਲੀਗੇਟ ਅਜਲਾਸ ਵਿੱਚ ਸ਼ਾਮਲ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਏ ਡੈਲੀਗੇਟਾਂ ਵੱਲੋਂ ਜਵਾਨੀ ਦੀ ਬੇਹਤਰੀ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਦਿ੍ਰੜ੍ਹ ਵਿਸ਼ਵਾਸ ਅਤੇ ਅਭੁੱਲ ਯਾਦਾਂ ਨਾਲ ਵਿਦਾਇਗੀ ਲਈ ਗਈ।



