ਸੰਵਿਧਾਨ ਹੀ ਸੁਪਰੀਮ : ਚੀਫ ਜਸਟਿਸ

0
104

ਮੁੰਬਈ : ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ਨੇ ਐਤਵਾਰ ਕਿਹਾ ਕਿ ਨਾ ਨਿਆਂ ਪਾਲਿਕਾ, ਨਾ ਕਾਰਜ ਪਾਲਿਕਾ ਤੇ ਨਾ ਸੰਸਦ, ਸਗੋਂ ਭਾਰਤ ਦਾ ਸੰਵਿਧਾਨ ਹੀ ਸੁਪਰੀਮ ਹੈ ਅਤੇ ਇਨ੍ਹਾਂ ਸਾਰੇ ਥੰਮ੍ਹਾਂ ਨੂੰ ਮਿਲ-ਜੁਲ ਕੇ ਸੰਵਿਧਾਨ ਮੁਤਾਬਕ ਕੰਮ ਕਰਨਾ ਚਾਹੀਦਾ ਹੈ। ਇਸ ਹਫਤੇ ਦੇਸ਼ ਦੇ 52ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕਣ ਵਾਲੇ ਜਸਟਿਸ ਗਵਈ ਨੇ ਮਹਾਰਾਸ਼ਟਰ ਤੇ ਗੋਆ ਦੀ ਬਾਰ ਕੌਂਸਲ ਵੱਲੋਂ ਆਯੋਜਿਤ ਉਨ੍ਹਾ ਦੇ ਸਨਮਾਨ ਸਮਾਰੋਹ ਦੌਰਾਨ ਕਾਨਫਰੰਸ ਵਿੱਚ ਬੋਲਦਿਆਂ ਕਿਹਾ ਕਿ ਦੇਸ਼ ਦਾ ਬੁਨਿਆਦੀ ਢਾਂਚਾ ਤਾਕਤਵਰ ਹੈ ਤੇ ਸੰਵਿਧਾਨ ਦੇ ਸਾਰੇ ਤਿੰਨੇ ਥੰਮ੍ਹ ਬਰਾਬਰ ਹਨ। ਇਨ੍ਹਾਂ ਤਿੰਨਾਂ ਨੂੰ ਇੱਕ-ਦੂਜੇ ਨੂੰ ਬਣਦਾ ਸਤਿਕਾਰ ਦੇਣਾ ਚਾਹੀਦਾ ਹੈ। ਚੀਫ ਜਸਟਿਸ ਨੇ ਕਿਹਾ ਕਿ ਉਹ ਇਹ ਦੇਖ ਕੇ ਖੁਸ਼ ਹਨ ਕਿ ਦੇਸ਼ ਨਾ ਕੇਵਲ ਮਜ਼ਬੂਤ ਹੋਇਆ ਹੈ, ਸਗੋਂ ਸਮਾਜੀ ਤੇ ਆਰਥਕ ਮੁਹਾਜ਼ਾਂ ’ਤੇ ਵਿਕਸਤ ਵੀ ਹੋਇਆ ਹੈ ਤੇ ਹੋਰ ਵੀ ਵਿਕਸਤ ਹੋ ਰਿਹਾ ਹੈ।