ਚੰਡੀਗੜ੍ਹ : ਫਰੀਦਕੋਟ ਪੁਲਸ ਨੇ ਇੱਕ ਕਤਲ ਮਾਮਲੇ ਦੇ ਸੰਬੰਧ ਵਿੱਚ ਡੇਟਿੰਗ ਐਪ ਟਿੰਡਰ ਤੋਂ ਗਰਮਖਿਆਲੀ ਪ੍ਰਚਾਰਕ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਨਾਲ ਜੁੜੇ ਸ਼ੱਕੀ ਖਾਤੇ ਬਾਰੇ ਜਾਣਕਾਰੀ ਮੰਗੀ ਹੈ। ਪੁਲਸ ਸਿੱਖ ਕਾਰਕੁਨ ਗੁਰਪ੍ਰੀਤ ਸਿੰਘ ਹਰੀਨੌ ਦੇ ਕਤਲ ਦੀ ਜਾਂਚ ਕਰ ਰਹੀ ਹੈ, ਜਿਸ ਦੀ ਪਿਛਲੇ ਸਾਲ 9 ਅਕਤੂਬਰ ਨੂੰ ਪਿੰਡ ਦੇ ਗੁਰਦੁਆਰੇ ਤੋਂ ਆਪਣੇ ਮੋਟਰਸਾਈਕਲ ’ਤੇ ਘਰ ਪਰਤਦੇ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਹਰੀਨੌ ਅੰਮਿ੍ਰਤਪਾਲ ਸਿੰਘ ਦੀ ਅਗਵਾਈ ਵਾਲੇ ਸੰਗਠਨ ‘ਵਾਰਿਸ ਪੰਜਾਬ ਦੇ’ ਦਾ ਮੈਂਬਰ ਸੀ। ਡੀ ਜੀ ਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਹਰੀਨੌ ਦੀ ਹੱਤਿਆ ਕਥਿਤ ਤੌਰ ’ਤੇ ਅੰਮਿ੍ਰਤਪਾਲ ਸਿੰਘ ਦੇ ਇਸ਼ਾਰੇ ’ਤੇ ਕੀਤੀ ਗਈ ਸੀ। ਪੁਲਸ ਦਾ ਇਹ ਵੀ ਦਾਅਵਾ ਹੈ ਕਿ ਗੈਂਗਸਟਰ ਤੋਂ ਦਹਿਸ਼ਤਗਰਦ ਬਣਿਆ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਇਸ ਕਤਲ ਦਾ ਮਾਸਟਰਮਾਈਂਡ ਸੀ। ਪੁਲਸ ਗਰੋਹ ਦੇ ਦੋ ਸ਼ੂਟਰਾਂ ਨੂੰ ਗਿ੍ਰਫਤਾਰ ਕਰ ਚੁੱਕੀ ਹੈ। ਪੁਲਸ ਨੇ ਟਿੰਡਰ ਤੋਂ 1 ਜਨਵਰੀ 2019 ਤੋਂ ਖਾਤੇ ਦੇ ਵਰਤੋਂਕਾਰ ਦੇ ਵੇਰਵੇ, ਨਾਂਅ, ਜਨਮ ਮਿਤੀ, ਫੋਨ ਨੰਬਰ, ਸਥਾਨ ਦੀ ਜਾਣਕਾਰੀ ਅਤੇ ਆਈ ਪੀ ਐਡਰੈੱਸ ਲੌਗ ਮੰਗੇ ਹਨ। ਇਸ ਤੋਂ ਇਲਾਵਾ ਸਾਰੇ ਲਿੰਕ ਕੀਤੇ ਈ-ਮੇਲ ਆਈ ਡੀ ਅਤੇ ਫੋਨ ਨੰਬਰ, ਅਪਲੋਡ ਕੀਤੀਆਂ ਗਈਆਂ ਤਸਵੀਰਾਂ, ਮੀਡੀਆ ਫਾਈਲਾਂ, ਦੋਸਤਾਂ/ ਸੰਪਰਕਾਂ ਦੀ ਸੂਚੀ, ਆਪਸੀ ਮੈਚਾਂ, ਚੈਟ ਇਤਿਹਾਸ ਅਤੇ ਟਿੰਡਰ ਪਲੇਟਫਾਰਮ ਰਾਹੀਂ ਆਦਾਨ-ਪ੍ਰਦਾਨ ਕੀਤੇ ਗਏ ਸੁਨੇਹਿਆਂ ਸਮੇਤ ਸਾਰੇ ਵੇਰਵਿਆਂ ਦੀ ਜਾਣਕਾਰੀ ਵੀ ਮੰਗੀ ਗਈ ਹੈ।




