ਮਸਕ ਦਾ ਬੈਕ ਗੇਅਰ, ਟਰੰਪ ਖਿਲਾਫ ਟਵੀਟ ਡਿਲੀਟ

0
82

ਨਿਊ ਯਾਰਕ : ਟੈਸਲਾ ਕਾਰ ਦੇ ਮਾਲਕ ਐਲਨ ਮਸਕ ਨੇ ਐਪਸਟੀਨ ਫਾਈਲਜ਼ ਵਾਲਾ ਆਪਣਾ ਟਵੀਟ ਡਿਲੀਟ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰਿਸ਼ਤੇ ਸੁਧਾਰਨ ਦਾ ਸੰਕੇਤ ਦਿੱਤਾ ਹੈ। ਇਸ ਤੋਂ ਪਹਿਲਾਂ ਮਸਕ ਨੇ ਐਪਸਟੀਨ ਫਾਈਲਜ਼ ਨੂੰ ਲੈ ਕੇ ਜੋ ਦਾਅਵੇ ਕੀਤੇ ਸਨ, ਉਸ ਨਾਲ ਟਰੰਪ ਬਹੁਤ ਖ਼ਫਾ ਹੋ ਗਏ ਸਨ।
ਐਪਸਟੀਨ ਫਾਈਲਜ਼ ਅਮਰੀਕਾ ਦੀ ਸਿਆਸਤ ਵਿੱਚ ਬਹੁਤ ਗਰਮ ਮਾਮਲਾ ਹੈ। ਟਰੰਪ ਨੇ ਚੋਣਾਂ ਦੌਰਾਨ ਐਪਸਟੀਨ ਨਾਲ ਸੰਬੰਧਤ ਸਾਰੀਆਂ ਫਾਈਲਾਂ ਜੱਗਜ਼ਾਹਰ ਕਰਨ ਦਾ ਵਾਅਦਾ ਕੀਤਾ ਸੀ। ਜੈਫਰੀ ਐਪਸਟੀਨ ਨੇ 2019 ਵਿੱਚ ਫਾਹਾ ਲੈ ਕੇ ਜਾਨ ਦੇ ਦਿੱਤੀ ਸੀ। ਉਸ ਦੇ ਪਰਵਾਰ ਦਾ ਦੋਸ਼ ਸੀ ਕਿ ਉਸ ਨੇ ਖੁਦਕੁਸ਼ੀ ਨਹੀਂ ਕੀਤੀ, ਸਗੋਂ ਉਸ ਦੀ ਹੱਤਿਆ ਕੀਤੀ ਗਈ। ਐਪਸਟੀਨ ’ਤੇ ਦੋਸ਼ ਸੀ ਕਿ ਉਸ ਨੇ ਕਈ ਬੱਚਿਆਂ ਦਾ ਯੌਨ ਸ਼ੋਸ਼ਣ ਕੀਤਾ ਅਤੇ ਸਿਆਸਤਦਾਨਾਂ ਤੇ ਬਿਜ਼ਨਸਮੈਨਾਂ ਤੱਕ ਨੂੰ ਪਰੋਸਿਆ। ਕੁਝ ਦਿਨ ਪਹਿਲਾਂ ਇਸ ਵਿਵਾਦ ਵਿੱਚ ਨਵਾਂ ਮੋੜ ਆਇਆ, ਜਦੋਂ ਮਸਕ ਨੇ ਕਿਹਾ ਕਿ ਟਰੰਪ ਦਾ ਨਾਂਅ ਵੀ ਐਪਸਟੀਨ ਫਾਈਲਾਂ ਵਿੱਚ ਹੈ।
ਉਜ ਮਸਕ ਤੇ ਟਰੰਪ ਵਿਚਾਲੇ ਤਨਾਤਨੀ ਉਦੋਂ ਸ਼ੁਰੂ ਹੋਈ, ਜਦੋਂ ਟਰੰਪ ਨੇ ‘ਬਿੱਗ ਬਿਊਟੀਫੁੱਲ ਬਿੱਲ’ (ਟੈਕਸ ਤੇ ਖਰਚਿਆਂ ਦਾ ਬਿੱਲ) ਪੇਸ਼ ਕੀਤਾ। ਮਸਕ ਨੇ ਇਸ ਬਿੱਲ ਨੂੰ ਲੋਕਾਂ ਦੇ ਪੈਸਿਆਂ ਦੀ ਬਰਬਾਦੀ ਤੇ ਸ਼ਰਮਨਾਕ ਦੱਸਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਬਿੱਲ ਦੇਰ ਰਾਤ ਬਿਨਾਂ ਬਹਿਸ ਦੇ ਪਾਸ ਕਰਵਾਇਆ ਗਿਆ ਤੇ ਉਸ ਦੀ ਰਾਇ ਤੱਕ ਨਹੀਂ ਲਈ ਗਈ। ਇਸ ’ਤੇ ਟਰੰਪ ਨੇ ਕਿਹਾ ਕਿ ਮਸਕ ਨੇ ਵਿਰੋਧ ਇਸ ਕਰਕੇ ਕੀਤਾ ਕਿ ਬਿੱਲ ਨਾਲ ਇਲੈਕਟਿ੍ਰਕ ਵਹੀਕਲਾਂ ’ਤੇ ਸਬਸਿਡੀ ਵਿੱਚ ਕਟੌਤੀ ਹੋ ਸਕਦੀ ਹੈ, ਜਿਸ ਨਾਲ ਉਸ ਦੀਆਂ ਕੰਪਨੀਆਂ ਨੂੰ ਨੁਕਸਾਨ ਪੁੱਜੇਗਾ।
ਇਸੇ ਦੌਰਾਨ ਵਾਸ਼ਿੰਗਟਨ ਰਾਜ ਦੇ ਰਿਪਬਲਿਕਨ ਪ੍ਰਤੀਨਿਧੀ ਡੈਨ ਨਿਊਹਾਊਸ ਨੇ ਕਿਹਾ ਕਿ ਉਨ੍ਹਾ ਨੂੰ ਲੱਗਦਾ ਹੈ ਕਿ ਗੁੱਸਾ ਠੰਢਾ ਹੋ ਜਾਵੇਗਾ ਅਤੇ ਦੋਨੋਂ ਆਪਣੇ ਮਨਮੁਟਾਅ ਦੂਰ ਕਰ ਲੈਣਗੇ। ਟੈਕਸਾਸ ਦੇ ਰਿਪਬਲਿਕਨ ਸੈਨੇਟਰ ਟੇਡ ਕਰੂਜ਼ ਨੇ ਫੌਕਸ ਨਿਊਜ਼ ਦੇ ਹੋਸਟ ਸੀਨ ਹੈਨਿਟੀ ਨੂੰ ਦੱਸਿਆ, ‘ਮੈਨੂੰ ਉਮੀਦ ਹੈ ਕਿ ਉਹ ਦੋਵੇਂ ਇਕੱਠੇ ਵਾਪਸ ਆਉਣਗੇ, ਕਿਉਂਕਿ ਜਦੋਂ ਉਹ ਦੋਵੇਂ ਇਕੱਠੇ ਕੰਮ ਕਰ ਰਹੇ ਹੋਣਗੇ ਤਾਂ ਅਸੀਂ ਅਮਰੀਕਾ ਲਈ ਬਹੁਤ ਕੁਝ ਕਰ ਸਕਾਂਗੇ।’