ਕੈਲੀਫੋਰਨੀਆ : ਅਮਰੀਕਾ ਦੇ ਲਾਸ ਏਂਜਲਸ ’ਚ 5 ਦਿਨਾਂ ਤੋਂ ਜਾਰੀ ਪ੍ਰਦਰਸ਼ਨ ਕਾਰਨ ਸ਼ਾਮ 6 ਵਜੇ ਤੋਂ ਬਾਅਦ ਕਰਫਿਊ ਲਾ ਦਿੱਤਾ ਗਿਆ। ਲਾਸ ਏਂਜਲਸ ਦੀ ਮੇਅਰ ਕੈਰਨ ਬੈਸ ਨੇ ਐਮਰਜੈਂਸੀ ਦਾ ਐਲਾਨ ਕੀਤਾ ਹੈ। ਨਿਊ ਯਾਰਕ ਟਾਇਮਜ਼ ਮੁਤਾਬਿਕ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਫੈਸਲੇ ਖਿਲਾਫ਼ ਹੋ ਰਹੇ ਪ੍ਰਦਰਸ਼ਨ ਅਮਰੀਕਾ ਦੇ 12 ਸੂਬਿਆਂ ਦੇ 25 ਸ਼ਹਿਰਾਂ ਤੱਕ ਫੈਲ ਚੁੱਕੇ ਹਨ। ਸਾਨ ਫਰਾਂਸਿਸਕੋ, ਡਲਾਸ, ਆਸਟਿਨ, ਟੈਕਸਾਸ ਅਤੇ ਨਿਊ ਯਾਰਕ ਵਰਗੇ ਸ਼ਹਿਰਾਂ ’ਚ ਵੀ ਪ੍ਰਦਰਸ਼ਨ ਹੋ ਰਹੇ ਹਨ। ਹਾਲਾਤ ’ਤੇ ਕਾਬੂ ਪਾਉਣ ਲਈ ਟਰੰਪ ਨੇ ਲਾਸ ਏਂਜਲਸ ’ਚ 4 ਹਜ਼ਾਰ ਨੈਸ਼ਨਲ ਗਾਰਡ ਤੋਂ ਇਲਾਵਾ 700 ਮਰੀਨ ਕਮਾਂਡੋ ਨੂੰ ਵੀ ਤਾਇਨਾਤ ਕਰ ਦਿੱਤਾ ਹੈ। ਉਨ੍ਹਾ ਕਿਹਾ ਕਿ ਹਾਲਾਤ ਖਰਾਬ ਹੋ ਰਹੇ ਹਨ। ਜ਼ਰੂਰਤ ਪੈਣ ’ਤੇ ਉਹ ਪੂਰੀ ਤਾਕਤ ਨਾਲ ਨਜਿੱਠਣਗੇ। ਮੰਗਲਵਾਰ ਲਾਸ ਏਂਜਲਸ ਪੁਲਸ ਨੇ ਕਰੀਬ 1100 ਤੋਂ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਹਿੰਸਾ ਜਾਰੀ ਰਹਿੰਦੀ ਹੈ ਤਾਂ ਉਹ ਪੂਰੇ ਸ਼ਹਿਰ ’ਚ ਵਿਦਰੋਹ ਕਾਨੂੰੰਨ ਲਾਗੂ ਕਰ ਸਕਦੇ ਹਨ। ਇਹ ਕਾਨੂੰਨ ਸਰਕਾਰ ਨੂੰ ਹਿੰਸਾ ਰੋਕਣ ਲਈ ਫੌਜੀ ਬਲ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੰਦਾ ਹੈ।
ਅਮਰੀਕੀ ਰਾਸ਼ਟਰਪਤੀ ਨੇ 14 ਜੂਨ ਨੂੰ ਵਾਸ਼ਿੰਗਟਨ ਡੀ ਸੀ ’ਚ ਹੋਣ ਵਾਲੀ ਆਰਮੀ ਪਰੇਡ ਦੌਰਾਨ ਪ੍ਰਦਰਸ਼ਨ ਨੂੰ ਲੈ ਕੇ ਵੀ ਚੇਤਾਵਨੀ ਦਿੱਤੀ ਹੈ। ਉਨ੍ਹਾ ਕਿਹਾ ਕਿ ਜੇਕਰ ਕੋਈ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਨੂੰ ਫੌਜ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 14 ਜੂਨ ਨੂੰ ਅਮਰੀਕੀ ਫੌਜ ਦੀ 250ਵੀਂ ਵਰੇ੍ਹਗੰਢ ਹੈ ਅਤੇ ਟਰੰਪ ਦਾ 79ਵਾਂ ਜਨਮ ਦਿਨ ਵੀ ਹੈ। ਇਸ ਹਿੰਸਾ ’ਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਹਿੰਸਕ ਪ੍ਰਦਰਸ਼ਨ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਫੈਸਲੇ ਖਿਲਾਫ਼ ਹੋ ਰਹੇ ਹਨ।
ਅਸਲ ’ਚ ਲਾਸ ਏਂਜਲਸ ਸ਼ਹਿਰ ’ਚ ਇਮੀਗ੍ਰੇਸ਼ਨ ਅਤੇ ਸੀਮਾ ਟੈਕਸ ਖਿਲਾਫ਼ ਹਿੰਸਕ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਇਸ ਸ਼ਹਿਰ ’ਚ ਦੂਜੇ ਦੇਸ਼ਾਂ (ਖਾਸ ਕਰਕੇ ਲਤੀਨੀ ਅਮਰੀਕਾ) ਤੋਂ ਆਏ ਕਈ ਗੈਰ-ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ ਅਤੇ ਹੁਣ ਉਨ੍ਹਾਂ ਨੂੰ ਕੱਢਣ ਦੀ ਤਿਆਰੀ ਹੈ।
ਰਿਪੋਰਟ ਅਨੁਸਾਰ ਟੈਕਸਾਸ, ਨਿਊ ਯਾਰਕ, ਸਾਨ ਫਰਾਂਸਿਸਕੋ, ਸੈਂਟਾ ਏਨਾ, ਫਿਲਾਡੇਲਫੀਆ, ਐਟਲਾਂਟਾ, ਸ਼ਿਕਾਗੋ, ਵਾਸ਼ਿੰਗਟਨ ਡੀ ਸੀ, ਬੋਸਟਨ ਅਤੇ ਸਿਆਟਲ ’ਚ ਪ੍ਰਦਰਸ਼ਨ ਹੋਏ ਅਤੇ ਦਰਜਨਾਂ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਇਨ੍ਹਾਂ ਸਾਰੇ ਸਥਾਨਾਂ ’ਤੇ ਇਮੀਗ੍ਰੇਸ਼ਨ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਹੋਏ। ਸਿਆਟਲ ’ਚ ਕਰੀਬ 50 ਲੋਕਾਂ ਨੇ ਇਮੀਗੇ੍ਰਸ਼ਨ ਨੂੰ ਮੋਟਰਸਾਈਕਲਾਂ ਅਤੇ ਈ-ਸਕੂਟਰਾਂ ਨਾਲ ਬਲਾਕ ਕਰ ਦਿੱਤਾ। ਵਾਸ਼ਿੰਗਟਨ ਡੀ ਸੀ ’ਚ ਟਰੇਡ ਯੂਨੀਅਨਾਂ ਦੇ ਮੈਂਬਰਾਂ ਨੇ ਨਿਆਂ ਵਿਭਾਗ ਦੀ ਇਮਾਰਤ ਦੇ ਸਾਹਮਣੇ ਰੋਸ ਮਾਰਚ ਕੱਢਿਆ। ਸ਼ਿਕਾਗੋ ’ਚ ਹਜ਼ਾਰਾਂ ਲੋਕਾਂ ਨੇ ਡਾਊਨ ਟਾਊਨ ’ਚ ਪ੍ਰਦਰਸ਼ਨ ਕੀਤਾ। ਇਹ ਵਿਰੋਧ ਪ੍ਰਦਰਸ਼ਨ ਉਦੋਂ ਭੜਕਿਆ, ਜਦ ਲਾਤੀਨੀ ਆਬਾਦੀ ਵਾਲੇ ਇੱਕ ਇਲਾਕੇ ’ਚ ਵੱਡੀ ਪੱਧਰ ’ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਛਾਪਾ ਮਾਰ ਕੇ ਗਿ੍ਰਫ਼ਤਾਰ ਕਰ ਲਿਆ। ਇਸ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਅਤੇ ਲਾਸ ਏਂਜਲਸ ਤੋਂ ਇਲਾਵਾ ਕਈ ਸ਼ਹਿਰਾਂ ’ਚ ਵਿਰੋਧ ਪ੍ਰਦਰਸ਼ਨ ਤੇ ਰੈਲੀਆਂ ਸ਼ੁਰੂ ਹੋ ਗਈਆਂ।



